ਸੰਯੁਕਤ ਰਾਸ਼ਟਰ, 30 ਸਤੰਬਰ
ਮਾਲਦੀਵ ਨੇ ਕਰੋਨਾ ਮਹਾਮਾਰੀ ਦੌਰਾਨ 25 ਕਰੋੜ ਡਾਲਰ ਦੀ ਮਦਦ ਦੇਣ, ਜੋ ਕਿ ਕਿਸੇ ਇੱਕ ਦਾਨੀ ਵੱਲੋਂ ਦਿੱਤੀ ਗਈ ਸਭ ਵੱਡੀ ਰਕਮ ਹੈ, ਲਈ ਭਾਰਤ ਦਾ ਧੰਨਵਾਦ ਕੀਤਾ ਹੈ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 75ਵੇਂ ਸ਼ੈਸਨ ’ਚ ਆਮ ਬਹਿਸ ਦੌਰਾਨ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਅੱਜ ਕਿਹਾ, ‘ਮਹਾਮਾਰੀ ਨੇ ਆਲਮੀ ਸਹਿਯੋਗ ਦੀ ਮਹੱਤਤਾ ਨੂੰ ਵੀ ਉਭਾਰਿਆ ਹੈ।
ਆਪਣੇ ਮਿੱਤਰਾਂ, ਦੁਵੱਲੇ ਅਤੇ ਬਹੁਪੱਖੀ ਭਾਈਵਾਲਾਂ ਦੇ ਸਹਿਯੋਗ ਤੋਂ ਬਿਨਾਂ ਅਸੀਂ ਮਾਲਦੀਵ ਵਿੱਚ ਇਸ ਤੂਫ਼ਾਨ ਨੂੰ ਸਹਿਣ ਨਹੀਂ ਕਰ ਸਕਾਂਗੇ।’ ਉਨ੍ਹਾਂ ਕਿਹਾ, ‘ਮੈਂ ਸਾਡੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਮਹਾਮਾਰੀ ਦੌਰਾਨ ਵਿੱਤੀ, ਸਮੱਗਰੀ ਅਤੇ ਤਕਨੀਕੀ ਤੌਰ ’ਤੇ ਮਦਦ ਕੀਤੀ, ਭਾਵੇਂ ਕਿ ਉਹ ਖ਼ੁਦ ਚੁਣੌਤੀਪੂਰਨ ਸਮੇਂ ’ਚੋਂ ਲੰਘ ਰਹੇ ਹਨ।
ਭਾਰਤ ਇਸ ਦੀ ਇੱਕ ਉਦਾਹਰਨ ਹੈ। ਜਿਸ ਵੱਲੋਂ 25 ਕਰੋੜ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਗਈ, ਜੋ ਕਿ ਕਿਸੇ ਦਾਨੀ ਵੱਲੋਂ ਦਿੱਤੀ ਗਈ ਸਭ ਤੋਂ ਵੱਡੀ ਰਕਮ ਹੈ।’ ਸ੍ਰੀ ਅਬਦੁੱਲਾ ਨੇ ਕਿਹਾ ਕਿ ਮਾਲਦੀਵ ਨੂੰ ਉਮੀਦ ਹੈ ਵੈਕਸੀਨ ਤਿਆਰ ਕਰਨ ਲਈ ਕੰਮ ਰਹੇ ਦੇਸ਼ ਹਰੇਕ ਉਸ ਵਿਅਕਤੀ ਨੂੰ ਇਹ ਵੈਕਸੀਨ ਪਹੁੰਚਾਉਣਗੇ, ਜਿਸ ਨੂੰ ਇਸ ਦੀ ਲੋੜ ਹੈ। ਉਨ੍ਹਾਂ ਕਿਹਾ, ‘ਬਰਾਬਰ ਵੰਡ ਯਕੀਨੀ ਬਣਾਉਣ ਲਈ ਅਸੀਂ ਇਕੱਠੇ ਕੰਮ ਕਰਾਂਗੇ।’
-ਪੀਟੀਆਈ