ਸੰਯੁਕਤ ਰਾਸ਼ਟਰ, 6 ਜੁਲਾਈ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਭਾਰਤੀ ਥਲ ਸੈਨਾ ਦੇ ਲੈਫਟੀਨੈਂਟ ਜਨਰਲ ਮੋਹਨ ਸੁਬਰਾਮਨੀਅਨ ਨੂੰ ਦੱਖਣੀ ਸੂਡਾਨ ਵਿਚਲੇ ਆਪਣੇ ਮਿਸ਼ਨ ਵਿੱਚ ਨਵਾਂ ਫੋਰਸ ਕਮਾਂਡਰ ਨਿਯੁਕਤ ਕੀਤਾ ਹੈ। ਲੈਫਟੀਨੈਂਟ ਜਨਰਲ ਸੁਬਰਾਮਨੀਅਨ ਭਾਰਤੀ ਥਲ ਸੈਨਾ ਦੇ ਹੀ ਲੈਫਟੀਨੈਂਟ ਜਨਰਲ ਸ਼ੈਲੇਸ਼ ਤਿਨਾਇਕਰ ਦੀ ਥਾਂ ਲੈਣਗੇ। ਯੂਐੱਨ ਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਸਕੱਤਰ ਜਨਰਲ ਨੇ ਲੈਫਟੀਨੈਂਟ ਜਨਰਲ ਸ਼ੈਲੇਸ਼ ਤਿਨਾਇਕਰ ਵੱਲੋਂ ਸੂਡਾਨ ਵਿਚਲੇ ਮਿਸ਼ਨ ਵਿੱਚ ਫੋਰਸ ਕਮਾਂਡਰ ਵਜੋਂ ਵਿਖਾਈ ਅਣਥੱਕ ਸਮਰਪਣ ਭਾਵਨਾ, ਬਹੁਮੁੱਲੀ ਸੇਵਾ ਤੇ ਅਸਰਦਾਰ ਲੀਡਰਸ਼ਿਪ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਗੁਟੇਰੇਜ਼ ਨੇ ਮਈ 2019 ਵਿੱਚ ਤਿਨਾਇਕਰ ਨੂੰ ਇਸ ਅਹੁਦੇ ’ਤੇ ਨਿਯੁਕਤ ਕੀਤਾ ਸੀ। ਸੁਬਰਾਮਨੀਅਨ ਨੇ ਭਾਰਤੀ ਥਲ ਸੈਨਾ ਵਿੱਚ 36 ਸਾਲ ਤੋਂ ਵੱਧ ਦੀ ਸੇਵਾ ਕੀਤੀ ਹੈ ਤੇ ਉਨ੍ਹਾਂ ਦੀ ਹਾਲੀਆ ਪੋਸਟਿੰਗ ਕੇਂਦਰੀ ਭਾਰਤ ਵਿੱਚ ਮਿਲਟਰੀ ਖੇਤਰ (ਅਪਰੇਸ਼ਨਲ ਤੇ ਲੌਜਿਸਟਿਕ ਰੈਡੀਨੈੱਸ ਜ਼ੋਨ) ਦੇ ਜਨਰਲ ਆਫੀਸਰ ਕਮਾਂਡਿੰਗ ਵਜੋਂ ਸੀ। ਥਲ ਸੈਨਾ ਦੀ ਅਪਰੇਸ਼ਨ ਤੇ ਲੌਜਿਸਟਿਕ ਤਿਆਰੀਆਂ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ। ਇਸ ਤੋਂ ਪਹਿਲਾਂ ਉਹ ਰੱਖਿਆ ਮੰਤਰਾਲੇ (ਥਲ ਸੈਨਾ) ਦੇ ਇੰਟੈਗਰੇਟਿਡ ਹੈੱਡਕੁਆਰਟਰ ਵਿੱਚ ਖਰੀਦ ਤੇ ਇਕੁਇਪਮੈਂਟ ਪ੍ਰਬੰਧਨ ਦੇ ਵਧੀਕ ਡਾਇਰੈਕਟਰ ਜਨਰਲ ਸਨ। ਉਨ੍ਹਾਂ ਭਾਰਤੀ ਹਥਿਆਰਬੰਦ ਬਲਾਂ ਵਿੱਚ ਹੋਰ ਵੀ ਕਈ ਅਹੁਦਿਆਂ ’ਤੇ ਕੰਮ ਕੀਤਾ। -ਪੀਟੀਆਈ