ਪੇਈਚਿੰਗ: ਚੀਨ ਨੇ ਤਾਲਿਬਾਨ ਦੇ ਕੰਟਰੋਲ ਵਾਲੇ ਅਫ਼ਗ਼ਾਨਿਸਤਾਨ ’ਤੇ ਲੱਗੀਆਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਹੈ। ਚੀਨ ਨੇ ਅਮਰੀਕਾ ਨੂੰ ਅਪੀਲ ਕੀਤੀ ਕਿ ਉਹ ਜੰਗ ਦੇ ਝੰਬੇ ਮੁਲਕ ਦੇ ਜਾਮ ਕੀਤੇ ਵਿਦੇਸ਼ੀ ਕਰੰਸੀ ਭੰਡਾਰਾਂ ਨੂੰ ਗਰਮਖਿਆਲੀ ਦਹਿਸ਼ਤੀ ਸਮੂਹ ’ਤੇ ਸਿਆਸੀ ਦਬਾਅ ਬਣਾਉਣ ਅਤੇ ‘ਸੌਦੇਬਾਜ਼ੀ’ ਕਰਨ ਲਈ ਨਾ ਵਰਤੇ। ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਜੀ-20 ਵਿਦੇਸ਼ ਮੰਤਰੀਆਂ ਦੀ ਵਾਰਤਾ ਨੂੰ ਵੀਡੀਓ ਲਿੰਕ ਜ਼ਰੀਏ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਅਫ਼ਗ਼ਾਨਿਸਤਾਨ ਨੂੰ ਬਿਨਾਂ ਕਿਸੇ ਦੇਰੀ ਦੇ ਮਾਨਵੀ ਲੋੜਾਂ ਨੂੰ ਪੂਰਾ ਕਰਨ ਲਈ ਮਦਦ ਪੁੱਜਦੀ ਕੀਤੀ ਜਾਵੇ। ਵੈਂਗ ਨੇ ਕਿਹਾ, ‘‘ਮਾਨਵੀ ਲੋੜਾਂ ਲਈ ਮਦਦ ਅਜਿਹਾ ਕਾਰਜ ਹੈ ਜੋ ਬਿਨਾਂ ਕਿਸੇ ਦੇਰੀ ਦੇ ਪੂਰਾ ਹੋਣਾ ਚਾਹੀਦਾ ਹੈ। ਸਾਨੂੰ ਅਫ਼ਗ਼ਾਨਿਸਤਾਨ ਨੂੰ ਮਦਦ ਪਹੁੰਚਾਉਣ ਦੇ ਪ੍ਰਬੰਧ ਨੂੰ ਤੇਜ਼ ਕਰਨ ਦੇ ਨਾਲ ਯਤਨਾਂ ਨੂੰ ਦੂਣਾ ਕਰਨਾ ਚਾਹੀਦਾ ਹੈ।’’ -ਪੀਟੀਆਈ