ਮੱਕਾ, 6 ਜੁਲਾਈ
ਸਾਊਦੀ ਅਰਬ ਦੇ ਪਵਿੱਤਰ ਸ਼ਹਿਰ ਮੱਕਾ ਵਿੱਚ 10 ਲੱਖ ਦੇ ਕਰੀਬ ਹਾਜੀ ਇਕੱਠੇ ਹੋ ਰਹੇ ਹਨ। ਕਰੋਨਾ ਮਹਾਮਾਰੀ ਮਗਰੋਂ ਪਹਿਲੀ ਵਾਰ ਹੱਜ ਲਈ ਇਸਲਾਮ ਦੇ ਪੰਜ ਥੰਮ੍ਹਾਂ ’ਚੋਂ ਇੱਕ ਮੱਕਾ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਲੋਕ ਜੁੜ ਰਹੇ ਹਨ। ਸਾਊਦੀ ਅਰਬ ਦੇ ਅਧਿਕਾਰੀਆਂ ਨੇ ਅੱਜ ਪਵਿੱਤਰ ਸਥਾਨ ਦਾ ਜਾਇਜ਼ਾ ਵੀ ਲਿਆ। ਸਾਊਦੀ ਅਰਬ ਨੇ ਵਿਦੇਸ਼ਾਂ ਤੋਂ ਲਗਪਗ 850,000 ਮੁਸਲਮਾਨ ਸ਼ਰਧਾਲੂਆਂ ਨੂੰ ਸਾਲਾਨਾ ਯਾਤਰਾ ਲਈ ਇੱਥੇ ਆਉਣ ਦੀ ਇਜਾਜ਼ਤ ਦਿੱਤੀ ਹੈ, ਜੋ ਵੀਰਵਾਰ ਤੋਂ ਸ਼ੁਰੂ ਹੋਵੇਗੀ। ਭਾਵੇਂ ਇੱਥੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਹਾਜੀ ਇਕੱਠੇ ਹੋ ਰਹੇ ਹਨ ਪਰ ਫਿਰ ਵੀ ਇਹ ਗਿਣਤੀ 2019 ਵਿੱਚ ਹੱਜ ਕਰਨ ਵਾਲੇ 20.5 ਲੱਖ ਹਾਜੀਆਂ ਤੋਂ ਕਿਤੇ ਘੱਟ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਸਾਲ ਹੱਜ ਲਈ ਆਉਣ ਵਾਲੇ ਵਿਅਕਤੀ 65 ਸਾਲ ਦੀ ਉਮਰ ਤੋਂ ਘੱਟ ਹੋਣੇ ਚਾਹੀਦੇ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਕਰੋਨਾ ਰੋਕੂ ਵੈਕਸੀਨ ਲੱਗੀ ਹੋਣੀ ਚਾਹੀਦੀ ਹੈ ਅਤੇ ਯਾਤਰਾ ਤੋਂ 72 ਘੰਟੇ ਪਹਿਲਾਂ ਦੀ ਕਰੋਨਾ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ। ਹਾਜੀਆਂ ਨੂੰ ਆਨਲਾਈਨ ਲਾਟਰੀ ਸਿਸਟਮ ਰਾਹੀਂ ਲੱਖਾਂ ਬਿਨੈਕਾਰਾਂ ’ਚੋਂ ਚੁਣਿਆ ਗਿਆ ਹੈ। -ਏਪੀ