ਹਰਜੀਤ ਲਸਾੜਾ
ਬ੍ਰਿਸਬਨ, 2 ਨਵੰਬਰ
ਆਸਟਰੇਲੀਆ ਦੇ ਸੂਬਾ ਕੁਈਨਜ਼ਲੈਂਡ ਵਿੱਚ 57ਵੀਂ ਪਾਰਲੀਮੈਂਟ (ਵਿਧਾਨ ਸਭਾ) ਦੀਆਂ 93 ਸੀਟਾਂ ਲਈ ਸ਼ਨਿਚਰਵਾਰ ਨੂੰ ਹੋਈਆਂ ਚੋਣਾਂ ਵਿੱਚ ਪ੍ਰੀਮੀਅਰ (ਮੁੱਖ ਮੰਤਰੀ) ਐਨਸਟੇਸ਼ੀਆ ਪਾਲਾਸ਼ਾਈ ਦੀ ਅਗਵਾਈ ’ਚ ਲੇਬਰ ਪਾਰਟੀ ਨੇ ਮੁੜ ਇਤਿਹਾਸਕ ਜਿੱਤ ਦਰਜ ਕੀਤੀ ਹੈ। ਉਹ ਲਗਾਤਾਰ ਤਿੰਨ ਚੋਣਾਂ ਜਿੱਤਣ ਵਾਲੀ ਆਸਟਰੇਲੀਆ ਦੀ ਪਹਿਲੀ ਮਹਿਲਾ ਪ੍ਰੀਮੀਅਰ ਬਣ ਗਈ ਹੈ ਹਾਲਾਂਕਿ ਸਾਰੇ ਭਾਰਤੀ ਉਮੀਦਵਾਰਾਂ ਨੂੰ ਝਟਕਾ ਲੱਗਿਆ ਹੈ, ਜੋ ਇਨ੍ਹਾਂ ਚੋਣਾਂ ’ਚ ਅਸਫ਼ਲ ਰਹੇ ਹਨ।
ਪ੍ਰੀਮੀਅਰ ਨੂੰ ਕੋਵਿਡ-19 ਦੌਰਾਨ ਕੁਈਨਜ਼ਲੈਂਡ ਦੀਆਂ ਸਖ਼ਤ ਸਰਹੱਦੀ ਨੀਤੀਆਂ ਕਾਰਨ ਸੰਘੀ ਲਬਿਰਲ ਸਿਆਸਤਦਾਨਾਂ ਦੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ। ਉਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਕਿਹਾ ਕਿ ਸੂਬੇ ਦੀਆਂ ਕਰੋਨਾਵਾਇਰਸ ਪ੍ਰਤੀ ‘ਸਖ਼ਤ ਸਰਹੱਦੀ ਤੇ ਸਿਹਤ ਨੀਤੀਆਂ’ ਨੇ ਕੁਈਨਜ਼ਲੈਂਡ ਨੂੰ ਸੁਰੱਖਿਅਤ ਰੱਖਿਆ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕੋਵਿਡ -19 ਦੌਰਾਨ ਸੂਬਾ ਸਰਕਾਰ ਦੀ ਵਧੀਆ ਤੇ ਸੁਚਾਰੂ ਰਣਨੀਤੀ ਹੀ ਇਸ ਇਤਿਹਾਸਕ ਜਿੱਤ ਦਾ ਇਨਾਮ ਹੈ। ਪਾਰਟੀ ਹੈੱਡਕੁਆਰਟਰ ਵਿੱਚ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਪਾਲਾਸ਼ਾਈ ਨੇ ਮੰਨਿਆ ਕਿ ਇਹ ਸਾਲ ਕਰੋਨਾ ਮਹਾਮਾਰੀ ਕਰਕੇ ਲੋਕਾਈ ਲਈ ਆਸਾਨ ਨਹੀਂ ਰਿਹਾ, ਪਰ ਕੁਈਨਜ਼ਲੈਂਡ ਦੀਆਂ ਸਿਹਤ ਤੇ ਸਰਹੱਦੀ ਨੀਤੀਆਂ ਨੂੰ ਲੋਕਾਂ ਨੇ ਸਮਰਥਨ ਦਿੱਤਾ ਹੈ। ਦੱਸਣਯੋਗ ਹੈ ਕਿ ਪਾਲਾਸ਼ਾਈ ਨੇ ਸਾਬਕਾ ਨੀਤੀ ਅਤੇ ਮੀਡੀਆ ਸਲਾਹਕਾਰ ਦੀ ਸੇਵਾ ਨਿਭਾਉਣ ਉਪਰੰਤ 2006 ਵਿੱਚ ਆਪਣੇ ਪਿਤਾ ਦੀ ਇਲਾਕਾ ਇਨਾਲਾ ਦੀ ਸੀਟ ਸੰਭਾਲੀ ਸੀ। ਪ੍ਰੀਮੀਅਰ ਐਨਸਟੇਸ਼ੀਆ ਪਾਲਾਸ਼ਾਈ ਲੇਬਰ ਪਾਰਟੀ ਦੀ ਬਹੁਗਿਣਤੀ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਪ੍ਰਾਪਤ ਹੋਏ ਮੁਢਲੇ ਚੋਣ ਰੁਝਾਨ ਮੁਤਾਬਕ ਲੇਬਰ ਪਾਰਟੀ 52 ਸੀਟਾਂ ’ਤੇ ਜਿੱਤ ਪ੍ਰਾਪਤ ਕਰਨ ਜਾ ਰਹੀ ਹੈ ਅਤੇ ਲਬਿਰਲ ਨੈਸ਼ਨਲ ਪਾਰਟੀ ਨੂੰ 34 ਸੀਟਾਂ ਮਿਲ ਸਕਦੀਆਂ ਹਨ। ਕੇਟਰਸ ਆਸਟਰੇਲਿਆਈ ਪਾਰਟੀ ਤਿੰਨ ਸੀਟਾਂ, ਗਰੀਨ ਪਾਰਟੀ ਦੋ ਸੀਟਾਂ, ਵਨ ਨੇਸ਼ਨ ਇੱਕ ਸੀਟ, ਆਜ਼ਾਦ ਨੇ ਇੱਕ ਸੀਟ ’ਤੇ ਲੀਡ ਬਣਾਈ ਹੋਈ ਹੈ। ਵੋਟਰਾਂ ਵੱਲੋਂ ਡਾਕ ਰਾਹੀਂ ਭੇਜੀਆਂ ਗਈਆ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਇਥੇ ਪਾਰਲੀਮੈਂਟ ਚੋਣਾਂ ਚਾਰ ਸਾਲ ਦੀ ਮਿਆਦ ਪੂਰੀ ਕਰਨ ਉਪਰੰਤ ਕਰਵਾਈਆਂ ਜਾਂਦੀਆਂ ਹਨ। ਕਿਸੇ ਵੀ ਰਾਜਨੀਤਕ ਪਾਰਟੀ ਵੱਲੋਂ 93 ਵਿਚੋਂ 47 ਸੀਟਾਂ ‘ਤੇ ਜਿੱਤ ਦਰਜ ਕਰਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਂਦਾ ਹੈ।