ਟੋਰਾਂਟੋ: ਕੈਨੇਡਾ ’ਚ ਖਾਲਿਸਤਾਨੀ ਕੱਟੜਪੰਥੀਆਂ ਨੇ ਟੋਰਾਂਟੋ ਦੇ ਪ੍ਰਮੁੱਖ ਬੀਏਪੀਐੱਸ ਸਵਾਮੀਨਾਰਾਇਣ ਮੰਦਰ ਦੀ ਕੰਧ ’ਤੇ ਭਾਰਤ ਵਿਰੋਧੀ ਨਾਅਰੇ ਲਿਖ ਦਿੱਤੇ। ਇਸ ਘਟਨਾ ਨੂੰ ਨਫ਼ਰਤੀ ਅਪਰਾਧ ਕਰਾਰ ਦਿੰਦਿਆਂ ਇਥੇ ਭਾਰਤੀ ਮਿਸ਼ਨ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਮੰਦਿਰ ਵਿੱਚ ਖਾਲਿਸਤਾਨੀ ਨਾਅਰੇ ਲਿਖਣ ਦੀ ਘਟਨਾ ਕਦੋਂ ਵਾਪਰੀ, ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸੰਸਦ ਮੈਂਬਰ ਚੰਦਰ ਆਰਿਆ ਨੇ ਟਵੀਟ ਕੀਤਾ,‘‘ਟੋਰਾਂਟੋ ਦੇ ਬੀਏਪੀਐੱਸ ਸ੍ਰੀ ਸਵਾਮੀਨਾਰਾਇਣ ਮੰਦਰ ਨੂੰ ਕੈਨੇਡੀਅਨ ਖਾਲਿਸਤਾਨੀ ਕੱਟੜਵਾਦੀਆਂ ਵੱਲੋਂ ਨੁਕਸਾਨ ਪਹੁੰਚਾਏ ਜਾਣ ਦੀ ਸਾਰਿਆਂ ਨੂੰ ਨਿਖੇਧੀ ਕਰਨੀ ਚਾਹੀਦੀ ਹੈ। ਇਹ ਇਕੱਲੀ ਘਟਨਾ ਨਹੀਂ ਹੈ। ਕੈਨੇਡਾ ’ਚ ਮੰਦਰਾਂ ਨੂੰ ਪਿਛਲੇ ਕੁਝ ਸਮੇਂ ਤੋਂ ਅਜਿਹੇ ਨਫ਼ਰਤੀ ਅਪਰਾਧਾਂ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੈਨੇਡਾ ਦੇ ਹਿੰਦੂ ਅਜਿਹੇ ਕਾਰਿਆਂ ਤੋਂ ਫਿਕਰਮੰਦ ਹਨ।’’ ਬਰੈਂਪਟਨ ਦੱਖਣ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਘਟਨਾ ’ਤੇ ਹੈਰਾਨੀ ਜਤਾਉਂਦਿਆਂ ਟਵੀਟ ਕੀਤਾ ਕਿ ਮੰਦਰ ’ਚ ਵਾਪਰੀ ਘਟਨਾ ਤੋਂ ਉਹ ਪ੍ਰੇਸ਼ਾਨ ਹੈ। ‘ਇਥੇ ਹਰ ਧਰਮਾਂ ਅਤੇ ਸੱਭਿਆਚਾਰਾਂ ਦੇ ਲੋਕ ਇਕੱਠੇ ਰਹਿੰਦੇ ਹਨ। ਜਿਹੜੇ ਅਜਿਹੇ ਕਾਰੇ ਲਈ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਲੱਭ ਕੇ ਸਜ਼ਾ ਮਿਲਣੀ ਚਾਹੀਦੀ ਹੈ।’ ਬੀਏਪੀਐੱਸ ਸਵਾਮੀਨਾਰਾਇਣ ਸੰਸਥਾ ਧਾਰਮਿਕ ਕੰਮਾਂ ਦੇ ਨਾਲ ਨਾਲ ਸਮਾਜ ਸੇਵਾ ’ਚ ਵੀ ਜੁਟੀ ਹੋਈ ਹੈ। -ਪੀਟੀਆਈ