ਵਾਸ਼ਿੰਗਟਨ, 1 ਮਾਰਚ
ਅਮਰੀਕਾ ’ਚ ਇੰਡੋ-ਅਮਰੀਕਨ ਕਸ਼ਮੀਰ ਫੋਰਮ ਨੇ ਮਨੁੱਖੀ ਹੱਕਾਂ ਬਾਰੇ ਕਾਰਕੁਨ ਸੁਸ਼ੀਲ ਪੰਡਤ ਦੀ ਜਾਨ ਨੂੰ ਖ਼ਤਰੇ ’ਤੇ ਫਿਕਰ ਜ਼ਾਹਿਰ ਕਰਦਿਆਂ ਭਾਰਤ ਸਰਕਾਰ ਨੂੰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਸੁਸ਼ੀਲ ਪੰਡਤ ਮਨੁੱਖੀ ਹੱਕਾਂ ਬਾਰੇ ਕਾਰਕੁਨ ਤੋਂ ਇਲਾਵਾ ‘ਹਾਈਵ ਕਮਿਊਨਿਕੇਸ਼ਨਜ਼’ ਦੇ ਸੀਈਓ ਵੀ ਹਨ। ਦਿੱਲੀ ਪੁਲੀਸ ਨੇ ਸ਼ਨਿਚਰਵਾਰ ਨੂੰ ਪੰਡਿਤ ਦੀ ਹੱਤਿਆ ਕਰਨ ਲਈ ਕਥਿਤ ਤੌਰ ’ਤੇ ਭੇਜੇ ਗਏ ਦੋ ਵਿਅਕਤੀਆਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ। ਫੋਰਮ ਨੇ ਬਿਆਨ ’ਚ ਕਿਹਾ ਕਿ ਪੰਡਤ ਦੀ ਹੱਤਿਆ ਦੀ ਨਾਕਾਮ ਕੋਸ਼ਿਸ਼ ਨੇ ਇਕ ਵਾਰ ਫਿਰ ਫਿਰਕੇ ਦੇ ਲੋਕਾਂ ਦੇ ਸੁਰੱਖਿਅਤ ਅਤੇ ਸੁਤੰਤਰ ਜੀਵਨ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੱਤਿਆ ਦੀ ਸਾਜ਼ਿਸ਼ ਪੂਰੇ ਕਸ਼ਮੀਰੀ ਹਿੰਦੂ ਫਿਰਕੇ ’ਤੇ ਢਾਹੇ ਗਏ ਕਹਿਰ ਦੀ ਯਾਦ ਦਿਵਾਉਂਦੀ ਹੈ ਜਿਨ੍ਹਾਂ ਨੂੰ ਪਿਛਲੇ ਕੁਝ ਦਹਾਕਿਆਂ ’ਚ ਕਤਲੇਆਮ ਰਾਹੀਂ ਕਸ਼ਮੀਰ ਵਾਦੀ ’ਚ ਉਨ੍ਹਾਂ ਦੇ ਜੱਦੀ ਘਰਾਂ ’ਚੋਂ ਕੱਢ ਦਿੱਤਾ ਗਿਆ ਸੀ। ਫੋਰਮ 1991 ’ਚ ਕਸ਼ਮੀਰੀ ਪੰਡਤਾਂ ਖ਼ਿਲਾਫ਼ ਹੋ ਰਹੇ ਜਬਰ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਬਣਾਇਆ ਗਿਆ ਸੀ। ਉਨ੍ਹਾਂ ਸੁਸ਼ੀਲ ਪੰਡਤ ਦੀ ਹੱਤਿਆ ਦੀ ਸਾਜ਼ਿਸ਼ ਨਾਕਾਮ ਬਣਾਉਣ ਲਈ ਦਿੱਲੀ ਪੁਲੀਸ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਹੈ ਕਿ ਦਿੱਲੀ ਪੁਲੀਸ ਅਤੇ ਨਿਆਂਪਾਲਿਕਾ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਜ਼ਾ ਸੁਣਾਏਗੀ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਹ ਸੁਸ਼ੀਲ ਪੰਡਤ ਨੂੰ ਫੌਰੀ ਸੁਰੱਖਿਆ ਦੇਵੇ। -ਪੀਟੀਆਈ