ਨਵੀਂ ਦਿੱਲੀ/ਕਾਬੁਲ, 10 ਸਤੰਬਰ
ਤਾਲਿਬਾਨ ਵੱਲੋਂ ਨਿਸ਼ਾਨਾ ਬਣਾਏ ਗਏ ਪੱਤਰਕਾਰਾਂ ਨਾਲ ਹਿਰਾਸਤ ’ਚ ਲਏ ਕੁਝ ਹੋਰ ਕੈਦੀਆਂ (ਮੀਡੀਆ ਕਰਮੀਆਂ) ਨੇ ਨਵੇਂ ਖ਼ੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਹਿਰਾਸਤ ਵਿਚ ਜਦ ਪੱਤਰਕਾਰਾਂ ਉਤੇ ਤਸ਼ੱਦਦ ਢਾਹਿਆ ਗਿਆ ਤਾਂ ਉਨ੍ਹਾਂ ਕੰਧਾਂ ਚੀਰਦੀਆਂ ਉਨ੍ਹਾਂ ਦੀਆਂ ਚੀਕਾਂ ਸੁਣੀਆਂ।
ਉਨ੍ਹਾਂ ਕਿਹਾ ਕਿ ਕੁਝ ਮਹਿਲਾਵਾਂ ਦੇ ਦਰਦ ਨਾਲ ਚੀਕਣ ਤੇ ਰੋਣ ਦੀਆਂ ਆਵਾਜ਼ਾਂ ਵੀ ਉਨ੍ਹਾਂ ਸੁਣੀਆਂ ਸਨ। ਮੀਡੀਆ ਕਰਮੀਆਂ ਮੁਤਾਬਕ ਤਾਲਿਬਾਨ ਦੇ ਅਧਿਕਾਰੀ ਨੇ ਉਨ੍ਹਾਂ ਨੂੰ ਕਿਹਾ ਕਿ ਮੁਜ਼ਾਹਰਾਕਾਰੀ ਗ਼ੈਰਕਾਨੂੰਨੀ ਗਤੀਵਿਧੀ ਕਰ ਰਹੇ ਸਨ ਤੇ ਇਸ ਤਰ੍ਹਾਂ ਦੇ ਰੋਸ ਮੁਜ਼ਾਹਰੇ ਕਵਰ ਕਰ ਕੇ ਪੱਤਰਕਾਰਾਂ ਨੇ ਵੀ ਕਾਨੂੰਨ ਤੋੜਿਆ ਹੈ। ਤਾਲਿਬਾਨ ਦੇ ਇਕ ਅਧਿਕਾਰੀ ਨੇ ਹਿਰਾਸਤ ਵਿਚ ਲਏ ਪੱਤਰਕਾਰਾਂ ਨੂੰ ਕਿਹਾ ਕਿ ਇਸ ਵਾਰ ਉਹ ਉਨ੍ਹਾਂ ਨੂੰ ਜਾਣ ਦੇ ਰਿਹਾ ਹੈ ਪਰ ਅਗਲੀ ਵਾਰ ਉਹ ਸੌਖੇ ਨਹੀਂ ਛੁੱਟ ਸਕਣਗੇ। ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਸ਼ਾਸਨ ਵਿਚ ਮੀਡੀਆ ਨੂੰ ਪੂਰੀ ਆਜ਼ਾਦੀ ਤੇ ਪਾਰਦਰਸ਼ਤਾ ਨਾਲ ਕੰਮ ਕਰਨ ਦਿੱਤਾ ਜਾਵੇਗਾ। ਪੱਤਰਕਾਰ ਅਬਰ ਸ਼ੇਗਨ ਤੇ ਉਸ ਦੇ ਸਾਥੀ ਇਹ ਜਾਣ ਕੇ ਵੀ ਹੈਰਾਨ ਹੋਏ ਕਿ ਹਿਰਾਸਤ ਵਿਚ ਲਏ ਗਏ ਹੋਰਨਾਂ ਮੀਡੀਆ ਕਰਮੀਆਂ ਕੋਲ ਤਾਲਿਬਾਨ ਦੇ ਆਗੂ ਤੇ ਬੁਲਾਰੇ ਵੱਲੋਂ ਦਿੱਤਾ ਗਿਆ ਇਕ ਪੱਤਰ ਸੀ ਜਿਸ ਵਿਚ ਉਨ੍ਹਾਂ ਨੂੰ ਪੱਤਰਕਾਰਾਂ ਵਜੋਂ ਕਿਤੇ ਵੀ ਕੰਮ ਕਰਨ ਦਾ ‘ਹੱਕ ਦਿੱਤਾ ਗਿਆ ਸੀ।’ ਉਨ੍ਹਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਤਾਲਿਬਾਨ ਦੀ ਸਿਖ਼ਰਲੀ ਲੀਡਰਸ਼ਿਪ ਦੇ ਹੇਠਲੇ ਪੱਧਰ ਦੇ ਉਨ੍ਹਾਂ ਦੇ ਅਧਿਕਾਰੀਆਂ-ਸੁਰੱਖਿਆ ਕਰਮੀਆਂ ਵਿਚਾਲੇ ਕਿੱਡਾ ਖੱਪਾ ਹੈ। ਸ਼ੇਗਨ ਨੇ ਕਿਹਾ ‘ਤਾਲਿਬਾਨ ਸਾਨੂੰ ਆਜ਼ਾਦੀ ਨਾਲ ਕੰਮ ਨਹੀਂ ਕਰਨ ਦੇਣਾ ਚਾਹੁੰਦਾ, ਉਹ ਸਾਨੂੰ ਆਪਣੇ ਪ੍ਰਚਾਰ ਲਈ ਵਰਤਣਾ ਚਾਹੁੰਦੇ ਹਨ।’ ‘ਅਲ ਜਜ਼ੀਰਾ’ ਦੀ ਰਿਪੋਰਟ ਮੁਤਾਬਕ ਤਾਲਿਬਾਨ ਲੜਾਕਿਆਂ ਉਤੇ ਦੋਸ਼ ਹੈ ਕਿ ਉਨ੍ਹਾਂ ਕਾਬੁਲ ਵਿਚ ਰੋਸ ਪ੍ਰਗਟਾ ਰਹੇ ਲੋਕਾਂ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਹਿਰਾਸਤ ਵਿਚ ਲੈ ਕੇ ਕੁੱਟਿਆ ਹੈ। ਜ਼ਿਕਰਯੋਗ ਹੈ ਕਿ ‘ਐਤਿਲਾਤ-ਏ-ਰੋਜ਼’ ਅਖ਼ਬਾਰ ਦੇ ਦੋ ਪੱਤਰਕਾਰਾਂ ਨੂੰ ਤਾਲਿਬਾਨ ਨੇ ਉਦੋਂ ਹਿਰਾਸਤ ਵਿਚ ਲਿਆ ਸੀ ਜਦ ਉਹ ਕਾਬੁਲ ਵਿਚ ਔਰਤਾਂ ਦੇ ਰੋਸ ਮੁਜ਼ਾਹਰੇ ਨੂੰ ਕਵਰ ਕਰ ਰਹੇ ਸਨ। -ਆਈਏਐਨਐੱਸ