ਲੰਡਨ, 6 ਮਈ
ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਲੰਡਨ ਵਿੱਚ ਸਥਾਨਕ ਚੋਣਾਂ ਵਿੱਚ ਕੁੱਝ ਮਹੱਤਵਪੂਰਨ ਥਾਵਾਂ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂਕਿ ਉਸ ਦੇ ਰਵਾਇਤੀ ਗੜ੍ਹ ਵਿੱਚ ਵਿਰੋਧੀ ਲੇਬਰ ਪਾਰਟੀ ਨੇ ਅਹਿਮ ਥਾਵਾਂ ’ਤੇ ਜਿੱਤ ਦਰਜ ਕੀਤੀ ਹੈ। ਲੇਬਰ ਪਾਰਟੀ ਦੇ ਆਗੂ ਸਰ ਕੇਰ ਸਟਾਰਮਰ ਨੇ ਕਿਹਾ ਕਿ ਲੰਡਨ ਵਿੱਚ ਵੈਸਟਮਿਨਸਟਰ, ਵੈਂਡਸਵਰਥ ਅਤੇ ਬਾਰਨੈੱਟ ਦੀਆਂ ਕੌਸਲਾਂ ਜਿੱਤਣ ਮਗਰੋਂ ਪਾਰਟੀ ਅਗਲੀਆਂ ਆਮ ਚੋਣਾਂ ਵਿੱਚ ਕਾਮਯਾਬ ਹੋਣ ਲਈ ‘ਫ਼ੈਸਲਾਕੁਨ ਮੋੜ’ ’ਤੇ ਪਹੁੰਚ ਗਈ ਹੈ। 1964 ਵਿੱਚ ਸਥਾਪਨਾ ਮਗਰੋਂ ਕੰਜ਼ਰਵੇਟਿਵ ਪਾਰਟੀ ਦਾ ਵੈਸਟਮਿਨਸਟਰ ਕੌਂਸਲ ਅਤੇ 1978 ਤੋਂ ਦੱਖਣੀ ਲੰਡਨ ਵਿੱਚ ਸਥਿਤ ਵੈਂਡਸਵਰਥ ਕੌਂਸਲ ’ਤੇ ਕਬਜ਼ਾ ਸੀ। ਬਾਰਨੈੱਟ ਦੌਰੇ ਦੌਰਾਨ ਸਟਾਰਮਰ ਨੇ ਕਿਹਾ, ‘‘ਇਹ ਵੱਡਾ ਫ਼ੈਸਲਾਕੁਨ ਮੋੜ ਹੈ। 2019 ਦੀਆਂ ਆਮ ਚੋਣਾਂ ਮਗਰੋਂ ਅਸੀਂ ਪਟੜੀ ’ਤੇ ਪਰਤ ਆਏ ਹਾਂ।’’ ਹਾਲਾਂਕਿ ਸ਼ੁਰੂਆਤੀ ਨਤੀਜਿਆਂ ਅਤੇ ਰੁਝਾਨਾਂ ਮੁਤਾਬਕ, ਇੰਗਲੈਂਡ ਦੇ ਬਾਕੀ ਹਿੱਸਿਆਂ ਵਿੱਚ ਮਿਲੀ-ਜੁਲੀ ਤਸਵੀਰ ਨਜ਼ਰ ਆ ਰਹੀ ਹੈ। ਕੰਜ਼ਰਵੇਟਿਵ ਪਾਰਟੀ ਦੇ ਕੋ-ਚੇਅਰ ਓਲੀਵਰ ਡਾਊਡੇਨ ਨੇ ਕਿਹਾ, ‘‘ਸਾਨੂੰ ਕੁੱਝ ਮੁਸ਼ਕਲ ਨਤੀਜੇ ਦੇਖਣ ਨੂੰ ਮਿਲੇ ਹਨ, ਜੋ ਅਸੀਂ ਇਹ ਲੰਡਨ ਵਿੱਚ ਦੇਖ ਸਕਦੇ ਹਾਂ… ਪਰ ਇਸ ਤੋਂ ਇਹ ਨਜ਼ਰ ਨਹੀਂ ਆਉਂਦਾ ਕਿ ਲੇਬਰ ਪਾਰਟੀ ਕੋਲ ਅਗਲੀ ਸਰਕਾਰ ਬਣਾਉਣ ਦੀ ਤਾਕਤ ਹੈ।’’ -ਪੀਟੀਆਈ