ਲੰਡਨ, 18 ਅਪਰੈਲ
ਬਰਤਾਨੀਆ ਦੀ ਵਿਰੋਧੀ ਧਿਰ ਲੇਬਰ ਨੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਭਾਰਤ ਵਿਚ ਕਰੋਨਾਵਾਇਰਸ ਦੀ ਮਾੜੀ ਸਥਿਤੀ ਦੇ ਮੱਦੇਨਜ਼ਰ ਆਪਣਾ ਭਾਰਤ ਦੌਰਾ ਰੱਦ ਕਰਨ ਲਈ ਕਿਹਾ ਹੈ। ਜੌਹਨਸਨ ਦਾ ਭਾਰਤ ਦੌਰਾ ਅਗਲੇ ਐਤਵਾਰ ਤੋਂ ਸ਼ੁਰੂ ਹੋਵੇਗਾ। ਇੰਗਲੈਂਡ ਦੇ ਸਿਹਤ ਵਿਭਾਗ ਮੁਤਾਬਕ ਯੂਕੇ ਵਿਚ ਭਾਰਤੀ ਸਰੂਪ ਵਾਲੇ ਵਾਇਰਸ ਦੇ 77 ਕੇਸ ਮਿਲੇ ਹਨ। ਇਨ੍ਹਾਂ ਬਾਰੇ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। 26 ਅਪਰੈਲ ਨੂੰ ਬਰਤਾਨਵੀ ਪ੍ਰਧਾਨ ਮੰਤਰੀ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਲੇਬਰ ਆਗੂ ਸਟੀਵ ਰੀਡ ਨੇ ਕਿਹਾ, ‘ਮੈਨੂੰ ਸਮਝ ਨਹੀਂ ਆ ਰਹੀ ਕਿ ਪ੍ਰਧਾਨ ਮੰਤਰੀ ਜੌਹਨਸਨ ਭਾਰਤ ਸਰਕਾਰ ਨਾਲ ਆਪਣਾ ਕੰਮ ਜ਼ੂਮ ਉਤੇ ਕਿਉਂ ਨਹੀਂ ਨਬਿੇੜ ਸਕਦੇ?’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਉਦਾਹਰਣ ਬਣਨ ਦੀ ਲੋੜ ਹੈ। ਹਾਲਾਂਕਿ ਸਰਕਾਰ ਦੇ ਇਕ ਮੰਤਰੀ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਭਾਰਤ ਵਾਲਾ ਵਾਇਰਸ ਟੀਕੇ ਨਾਲ ਮਿਲੀ ਸੁਰੱਖਿਆ ਨੂੰ ਕਮਜ਼ੋਰ ਕਰ ਸਕਦਾ ਹੈ ਜਾਂ ਇਹ ਵੱਧ ਤੇਜ਼ੀ ਨਾਲ ਫੈਲ ਸਕਦਾ ਹੈ। -ਪੀਟੀਆਈ