ਪੇਈਚਿੰਗ, 8 ਨਵੰਬਰ
ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਦੇ ਸੈਂਕੜੇ ਸੀਨੀਅਰ ਆਗੂਆਂ ਦਾ ਚਾਰ ਦਿਨਾ ਸੰਮੇਲਨ ਅੱਜ ਸ਼ੁਰੂ ਹੋ ਗਿਆ। ਇਸ ਦੌਰਾਨ ਇਕ ਵਿਲੱਖਣ ‘ਇਤਿਹਾਸਕ ਮਤੇ’ ਉਤੇ ਵਿਚਾਰ-ਚਰਚਾ ਕੀਤੀ ਜਾਵੇਗੀ ਜੋ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਤੀਜੇ ਕਾਰਜਕਾਲ ਲਈ ਰਾਹ ਪੱਧਰਾ ਕਰਨ ਨਾਲ ਜੁੜਿਆ ਹੋਇਆ ਹੈ। ਸੌ ਸਾਲਾ ਪੁਰਾਣੀ ਪਾਰਟੀ ਵਿਚਾਰ-ਚਰਚਾ ਮਗਰੋਂ ਇਸ ਮਤੇ ਨੂੰ ਪਾਸ ਕਰ ਸਕਦੀ ਹੈ। ‘ਸ਼ਿਨਹੂਆ’ ਦੀ ਖਬਰ ਮੁਤਾਬਕ ਸੀਪੀਸੀ ਦੀ ਕੇਂਦਰੀ ਕਮੇਟੀ ਦਾ ਸੈਸ਼ਨ ਸ਼ੁਰੂ ਹੋ ਗਿਆ ਹੈ। ਇਸ ਵਿਚ ਕਰੀਬ 400 ਸਥਾਈ ਤੇ ਹੋਰ ਬਦਲਵੇਂ ਮੈਂਬਰ ਹਿੱਸਾ ਲੈ ਰਹੇ ਹਨ। ਮੀਡੀਆ ਰਿਪੋਰਟ ਮੁਤਾਬਕ ਸ਼ੀ, ਜੋ ਕਿ ਸੀਪੀਸੀ ਕੇਂਦਰੀ ਕਮੇਟੀ ਦੇ ਜਨਰਲ-ਸਕੱਤਰ ਵੀ ਹਨ, ਇਸ ਮੌਕੇ ਸਿਆਸੀ ਬਿਊਰੋ ਵੱਲੋਂ ਕੀਤੇ ਕੰਮਾਂ ਬਾਰੇ ਇਕ ਰਿਪੋਰਟ ਦੇਣਗੇ। ਉਹ ਇਕ ਮਤੇ ਦੇ ਖਰੜੇ ਬਾਰੇ ਵੀ ਗੱਲ ਕਰਨਗੇ ਜੋ ਕਿ ਪਾਰਟੀ ਦੀਆਂ 100 ਸਾਲਾਂ ਦੀਆਂ ਪ੍ਰਾਪਤੀਆਂ ਤੇ ਇਤਿਹਾਸਕ ਤਜਰਬਿਆਂ ਨਾਲ ਜੁੜਿਆ ਹੋਇਆ ਹੈ। 68 ਸਾਲਾ ਜਿਨਪਿੰਗ ਚੀਨ ਵਿਚ ਤਾਕਤ ਦੇ ਤਿੰਨਾਂ ਧੁਰਿਆਂ ਉਤੇ ਕਾਬਜ਼ ਹਨ। ਉਹ ਸੀਪੀਸੀ ਦੇ ਜਨਰਲ ਸਕੱਤਰ, ਮਿਲਟਰੀ ਕਮਿਸ਼ਨ ਦੇ ਚੇਅਰਮੈਨ ਤੇ ਰਾਸ਼ਟਰਪਤੀ ਹਨ। ਰਾਸ਼ਟਰਪਤੀ ਵਜੋਂ ਪੰਜ ਸਾਲ ਦਾ ਉਨ੍ਹਾਂ ਦਾ ਦੂਜਾ ਕਾਰਜਕਾਲ ਅਗਲੇ ਸਾਲ ਮੁੱਕ ਰਿਹਾ ਹੈ। ਸਿਆਸੀ ਤੌਰ ’ਤੇ ਇਹ ਮੀਟਿੰਗ ਮਹੱਤਵਪੂਰਨ ਹੈ ਕਿਉਂਕਿ ਪਿਛਲੇ ਨੌਂ ਸਾਲਾਂ ਵਿਚ ਜਿਨਪਿੰਗ ਪਾਰਟੀ ਦੇ ਸੰਸਥਾਪਕ ਮਾਓ ਜ਼ੇ ਤੁੰਗ ਤੋਂ ਬਾਅਦ ਸਭ ਤੋਂ ਤਾਕਤਵਰ ਆਗੂ ਵਜੋਂ ਉੱਭਰੇ ਹਨ। ਸ਼ੀ ਨੂੰ ਤੀਜਾ ਕਾਰਜਕਾਲ ਮਿਲਣ ਦੀ ਪੂਰੀ ਸੰਭਾਵਨਾ ਹੈ। ਉਹ ਪਾਰਟੀ ਦੇ ‘ਕੋਰ ਲੀਡਰ’ ਵੀ ਹਨ ਤੇ ਪਹਿਲਾਂ ਇਹ ਦਰਜਾ ਸਿਰਫ਼ ਮਾਓ ਕੋਲ ਰਿਹਾ ਹੈ। ਅਗਲੇ ਸਾਲ ਸੀਪੀਸੀ ਕਾਂਗਰਸ ਵੀ ਹੋ ਰਹੀ ਹੈ ਜਿਸ ਵਿਚ ਪਾਰਟੀ ਦੀ ਨਵੀਂ ਲੀਡਰਸ਼ਿਪ ਚੁਣੀ ਜਾਵੇਗੀ। ਸਿਆਸੀ ਮਾਹਿਰਾਂ ਮੁਤਾਬਕ ਇਸ ਸੈਸ਼ਨ ਦਾ ਮੰਤਵ ਪਾਰਟੀ ਦੇ ਪ੍ਰਸ਼ਾਸਕੀ ਇਤਿਹਾਸ ਦੀ ਸਮੀਖਿਆ ਕਰਨਾ ਹੈ, ਤੇ ਨਾਲ ਹੀ ਭਵਿੱਖੀ ਅਗਵਾਈ ਤੇ ਨੀਤੀ ਨਿਰਧਾਰਨ ਬਾਰੇ ਫ਼ੈਸਲੇ ਲੈਣਾ ਵੀ ਹੈ।
ਇਸ ਮੌਕੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਕੀ ਪਾਰਟੀ ਲੀਡਰਸ਼ਿਪ ਵਿਚ ਬਦਲਾਅ ਬਾਰੇ ਆਪਣੀਆਂ ਰਵਾਇਤਾਂ ਦਾ ਪਾਲਣ ਕਰਦੀ ਹੈ ਜਾਂ ਨਹੀਂ। ਖਾਸ ਤੌਰ ’ਤੇ ਅਣਅਧਿਕਾਰਤ ਤੌਰ ਉਤੇ ਮਿੱਥੀ ਗਈ ਸੇਵਾਮੁਕਤੀ ਦੀ 68 ਸਾਲ ਉਮਰ ਤੇ ਚੋਟੀ ਦੀ ਲੀਡਰਸ਼ਿਪ ਲਈ ਦੋ ਕਾਰਜਕਾਲ ਹੀ ਰੱਖਣਾ, ਦੇਖਣ ਵਾਲੇ ਨੁਕਤੇ ਹੋਣਗੇ। ਇਹ ਸ਼ਰਤਾਂ ਸੀਪੀਸੀ ਆਗੂਆਂ ਨੇ ਹੀ ਕਾਫ਼ੀ ਪਹਿਲਾਂ ਰੱਖੀਆਂ ਸਨ। ਤਾਕਤਵਰ ਪੋਲਿਟਬਿਊਰੋ ਦੇ 25 ਤੋਂ ਵੱਧ ਮੈਂਬਰ ਅਗਲੇ ਸਾਲ ਅਕਤੂਬਰ ਵਿਚ 68 ਸਾਲ ਤੋਂ ਵੱਧ ਦੇ ਹੋ ਜਾਣਗੇ। -ਪੀਟੀਆਈ