ਮਾਸਕੋ (ਰੂਸ), 20 ਦਸੰਬਰ
ਜਾਪਾਨ ਦਾ ਇੱਕ ਅਰਬਪਤੀ ਅਤੇ ਉਸ ਦਾ ਸਾਥੀ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ 12 ਦਿਨ ਦੀ ਯਾਤਰਾ ਕਰਨ ਮਗਰੋਂ ਅੱਜ ਧਰਤੀ ’ਤੇ ਪਰਤ ਆਏ ਹਨ। ਫੈਸ਼ਨ ਟਾਇਕੂਨ ਯੁਸਾਕੂ ਮਾਏਜ਼ਾਵਾ, ਉਸ ਦੇ ਪ੍ਰੋਡਿਊਸਰ ਯੋਜ਼ੋ ਹਿਰਾਨੋ ਅਤੇ ਰੂਸੀ ਪੁਲਾੜ ਯਾਤਰੀ ਅਲੈਗਜ਼ੈਂਡਰ ਮਿਸੁਰਕਿਨ ਨੇ ਰੂਸੀ ਸੋਯੂਜ਼ ਰਾਹੀਂ ਅੱਜ ਸਵੇਰੇ 9.13 ਵਜੇ ਕਜ਼ਾਖਸਤਾਨ ਵਿੱਚ ਧਰਤੀ ’ਤੇ ਉਤਰੇ। ਜਿਸ ਥਾਂ ’ਤੇ ਇਸ ਕੈਪਸੂਲ ਨੂੰ ਉਤਾਰਿਆ ਗਿਆ, ਉਹ ਝੇਜ਼ਕਾਜ਼ਗਨ ਸ਼ਹਿਰ ਤੋਂ ਲਗਪਗ 148 ਕਿਲੋਮੀਟਰ ਦੂਰ ਹੈ। ਮਾਏਜ਼ਾਵਾ (46) ਅਤੇ ਉਸ ਦੇ ਪ੍ਰੋਡਿਊਸਰ ਹਿਰਾਨੋ (36) 2009 ਤੋਂ ਬਾਅਦ ਪੁਲਾੜ ਸਟੇਸ਼ਨ ਦਾ ਦੌਰਾ ਕਰਨ ਵਾਲੇ ਪਹਿਲੇ ਅਜਿਹੇ ਸੈਲਾਨੀ ਬਣ ਗਏ ਹਨ, ਜਿਨ੍ਹਾਂ ਨੇ ਪੱਲਿਓਂ ਪੈਸੇ ਖ਼ਰਚ ਕੇ ਪੁਲਾੜ ਯਾਤਰਾ ਕੀਤੀ ਹੈ। -ਏਜੰਸੀ