ਟੋਕੀਓ, 26 ਮਈ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਟੋਕੀਓ (ਜਾਪਾਨ) ਵਿੱਚ ਮੌਜੂਦਗੀ ਦੌਰਾਨ ਰੂਸ ਤੇ ਚੀਨ ਵੱਲੋਂ ਜੈੱਟ ਲੜਾਕੂ ਜਹਾਜ਼ ਦੀ ਸਾਂਝੀ ਉਡਾਣ ਭਰਨ ਦੇ ਜਵਾਬ ਵਿੱਚ ਜਾਪਾਨ ਅਤੇ ਅਮਰੀਕਾ ਨੇ ਜਾਪਾਨ ਸਾਗਰ ’ਤੇ ਆਪਣੇ ਲੜਾਕੂ ਜਹਾਜ਼ਾਂ ਦੀ ਸਾਂਝੀ ਉਡਾਣ ਭਰੀ ਹੈ। ਜਾਪਾਨ ਸਵੈ-ਰੱਖਿਆ ਬਲਾਂ ਦੇ ਜੁਆਇੰਟ ਸਟਾਫ ਨੇ ਅੱਜ ਦੱਸਿਆ ਕਿ ਬੁੱਧਵਾਰ ਨੂੰ ਅਮਰੀਕਾ ਤੇ ਜਾਪਾਨ ਦੇ 8 ਲੜਾਕੂ ਜਹਾਜ਼ਾਂ ਨੇ ਉਡਾਣ ਭਰੀ। ਬਿਆਨ ਵਿੱਚ ਕਿਹਾ ਗਿਆ ਕਿ ਸਾਂਝੀ ਉਡਾਣ ਦਾ ਮਕਸਦ ਦੋਵਾਂ ਸੈਨਾਵਾਂ ਦੀਆਂ ਸਾਂਝੀਆਂ ਸਮਰੱਥਾਵਾਂ ਦੀ ਪੁਸ਼ਟੀ ਕਰਨਾ ਅਤੇ ਜਾਪਾਨ-ਅਮਰੀਕਾ ਗਠਜੋੜ ਨੂੰ ਹੋਰ ਮਜ਼ਬੂਤ ਕਰਨਾ ਸੀ। ਜਾਪਾਨ ਅਤੇ ਅਮਰੀਕਾ ਵੱਲੋਂ ਇਹ ਉਡਾਣਾਂ ਉੱਤਰ ਕੋਰੀਆਂ ਵੱਲੋਂ ਇੱਕ ਅੰਤਰ ਮਹਾਦੀਪੀ ਅਤੇ ਦੋ ਘੱਟ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦੀ ਪਰਖ ਕੀਤੇ ਜਾਣ ਦੇ ਤਿੰਨ ਘੰਟੇ ਬਾਅਦ ਭਰੀ ਗਈ ਹੈ। -ਏਪੀ