ਟੋਕੀਓ, 21 ਅਗਸਤ
ਜਾਪਾਨ ਆਪਣੀ ਜ਼ਮੀਨ ਤੋਂ ਸਮੁੰਦਰੀ ਬੇੜੇ ’ਤੇ ਮਾਰ ਕਰਨ ਵਾਲੀਆਂ ਟਾਈਪ 12 ਮਿਜ਼ਾਈਲਾਂ ਦਾ ਦਾਇਰਾ ਵਧਾਉਣਾ ਚਾਹੁੰਦਾ ਹੈ। ਉਹ ਇਨ੍ਹਾਂ ਦੀ ਮਾਰ ਕਰਨ ਦੀ ਸਮਰੱਥਾ ਨੂੰ 1000 ਕਿਲੋਮੀਟਰ ਹੋਰ ਵਧਾਉਣਾ ਚਾਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਨੂੰ ਸਮੁੰਦਰ ਤੇ ਹਵਾਈ ਜਹਾਜ਼ ’ਚੋਂ ਲਾਂਚ ਕਰਨ ਦੇ ਸਮਰੱਥ ਵੀ ਬਣਾਇਆ ਜਾ ਰਿਹਾ ਹੈ ਤਾਂ ਕਿ ਇਹ ਜ਼ਮੀਨ ’ਤੇ ਸਥਿਤ ਨਿਸ਼ਾਨੇ ਵੀ ਫੁੰਡ ਸਕਣ। ਇਕ ਮੀਡੀਆ ਰਿਪੋਰਟ ਮੁਤਾਬਕ ਜਾਪਾਨ, ਚੀਨ ਨੂੰ ਆਪਣੀਆਂ ਮਿਜ਼ਾਈਲਾਂ ਦੇ ਘੇਰੇ ਵਿਚ ਲਿਆਉਣਾ ਚਾਹੁੰਦਾ ਹੈ। ਮਿਜ਼ਾਈਲਾਂ ਦਾ ਸੋਧਿਆ ਰੂਪ ਜਲਦੀ ਹੀ ਵਰਤੋਂ ਵਿਚ ਆ ਸਕਦਾ ਹੈ। ਰਿਪੋਰਟ ਮੁਤਾਬਕ ਜਾਪਾਨ ਅਜਿਹੀਆਂ ‘ਹਜ਼ਾਰ ਤੋਂ ਵੱਧ ਮਿਜ਼ਾਈਲਾਂ’ ਨਾਨਸੇਈ ਟਾਪੂਆਂ ਉਤੇ ਤਾਇਨਾਤ ਕਰੇਗਾ। ਤਾਇਵਾਨ ਖੇਤਰ ਵਿਚ ਵਧੇ ਤਣਾਅ ਦੇ ਮੱਦੇਨਜ਼ਰ ਇਹ ਯੋਜਨਾ ਬਣਾਈ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਜਾਪਾਨ ਤੇ ਅਮਰੀਕਾ ਦੀ ਸੈਨਾ ਨੇ ਨਾਨਸੇਈ ਟਾਪੂਆਂ ਉਤੇ ਫ਼ੌਜੀ ਅੱਡੇ ਵਿਕਸਤ ਕਰਨ ਲਈ ਸਮਝੌਤਾ ਕੀਤਾ ਸੀ। ਇਸ ਨੂੰ ਹੰਗਾਮੀ ਸਥਿਤੀ ਵਿਚ ਵਰਤਿਆ ਜਾਵੇਗਾ। ਤਾਇਵਾਨ ਤੇ ਚੀਨ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਟਕਰਾਅ ਬਣਿਆ ਹੋਇਆ ਹੈ। ਯੋਜਨਾ ਸਿਰੇ ਚੜ੍ਹਨ ’ਤੇ ਇਨ੍ਹਾਂ ਟਾਪੂਆਂ ਉਤੇ ਅਮਰੀਕੀ ਜਲ ਸੈਨਾ ਆਪਣਾ ਟਿਕਾਣਾ ਬਣਾਏਗੀ। -ਆਈਏਐੱਨਐੱਸ