ਟੋਕੀਓ, 11 ਜੁਲਾਈ
ਮੁੱਖ ਅੰਸ਼
- ਪ੍ਰਧਾਨ ਮੰਤਰੀ ਕਿਸ਼ਿਦਾ ਅੱਗੇ ਆਬੇ ਦੀ ਹੱਤਿਆ ਤੋਂ ਉਭਰਨ ਅਤੇ ਪਾਰਟੀ ਨੂੰ ਇੱਕਜੁਟ ਰੱਖਣ ਦੀ ਵੱਡੀ ਚੁਣੌਤੀ
ਜਾਪਾਨ ਦੀ ਸੱਤਾਧਾਰੀ ਪਾਰਟੀ ਅਤੇ ਇਸ ਦੇ ਗੱਠਜੋੜ ਭਾਈਵਾਲ ਕੋਮੈਟੋ ਨੇ ਐਤਵਾਰ ਨੂੰ ਹੋਈਆਂ ਸੰਸਦੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਲਬਿਰਲ ਡੈਮੋਕ੍ਰੈਟਿਕ ਪਾਰਟੀ ਅਤੇ ਇਸ ਦੇ ਸਹਿਯੋਗੀ ਕੋਮੈਟੋ ਨੂੰ 248 ਮੈਂਬਰੀ ਸਦਨ ਵਿੱਚ 146 ਸੀਟਾਂ ਮਿਲੀਆਂ, ਜੋ ਬਹੁਮਤ ਦੇ ਅੰਕੜੇ ਤੋਂ ਕਾਫੀ ਉੱਪਰ ਹਨ। ਜਿੱਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ 2025 ਤੱਕ ਅਹੁਦੇ ’ਤੇ ਕਾਇਮ ਰਹਿਣਗੇ। ਇਸ ਨਾਲ ਕਿਸ਼ਿਦਾ ਲੰਮੇ ਸਮੇਂ ਲਈ ਨੀਤੀਆਂ ’ਤੇ ਕੰਮ ਕਰਨਾ ਜਾਰੀ ਰੱਖਣਗੇ।
ਕਿਸ਼ਿਦਾ ਨੇ ਚੋਣ ਵਿੱਚ ਹਾਸਲ ਹੋਏ ਬਹੁਮਤ ਦਾ ਸਵਾਗਤ ਕੀਤਾ ਪਰ ਆਬੇ ਦੀ ਹੱਤਿਆ ਕਾਰਨ ਉਹ ਬਹੁਤੇ ਖੁਸ਼ ਨਜ਼ਰ ਨਹੀਂ ਆਏ। ਉਨ੍ਹਾਂ ’ਤੇ ਆਬੇ ਦੀ ਹੱਤਿਆ ਤੋਂ ਉਭਰਨ ਅਤੇ ਪਾਰਟੀ ਨੂੰ ਇੱਕਜੁਟ ਰੱਖਣ ਦੀ ਵੱਡੀ ਚੁਣੌਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਪਾਰਟੀ ਦੀ ਏਕਤਾ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ।’’ ਉਨ੍ਹਾਂ ਕਿਹਾ ਕਿ ਕਰੋਨਾ ਨਾਲ ਨਜਿੱਠਣਾ, ਯੂਕਰੇਨ ’ਤੇ ਰੂਸ ਦੇ ਹਮਲੇ ਅਤੇ ਵਧ ਰਹੀ ਮਹਿੰਗਾਈ ਵਰਗੇ ਮੁੱਦਿਆਂ ’ਤੇ ਕੰਮ ਕਰਨਾ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਹਨ। ਉਨ੍ਹਾਂ ਕਿਹਾ ਕਿ ਜਾਪਾਨ ਅਤੇ ਇਸ ਦੇ ਬਾਹਰ ਸੁਰੱਖਿਆ ਤੇ ਆਰਥਿਕ ਚੁਣੌਤੀਆਂ ਦੇ ਸਮੇਂ ਆਬੇ ਦੀ ਮੌਤ ਸਭ ਤੋਂ ਦੁਖਦਾਈ ਹੈ। ਕਿਸ਼ਿਦਾ ਨੇ ਕਿਹਾ, ‘‘ਅਸੀਂ ਉਨ੍ਹਾਂ ਦੀ ਇੱਛਾ ਪੂਰੀ ਕਰਾਂਗੇ।’’ -ਏਪੀ
ਬਲਿੰਕਨ ਨੇ ਆਬੇ ਦੀ ਮੌਤ ’ਤੇ ਦੁੱਖ ਪ੍ਰਗਟਾਇਆ
ਟੋਕੀਓ: ਚੋਣਾਂ ਵਿੱਚ ਮਿਲੇ ਨਵੇਂ ਫਤਵੇ ਮਗਰੋਂ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਅੱਜ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਬਲਿੰਕਨ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਅਤੇ ਮਜ਼ਬੂਤ ਦੁਵੱਲੇ ਸਬੰਧਾਂ ਦਾ ਭਰੋਸਾ ਦਿੱਤਾ। ਸ਼ੁੱਕਰਵਾਰ ਨੂੰ ਜਦੋਂ ਆਬੇ ਦੀ ਹੱਤਿਆ ਹੋਈ ਸੀ ਤਾਂ ਉਸ ਵੇਲੇ ਬਲਿੰਕਨ ਜੀ-20 ਮੀਟਿੰਗ ਲਈ ਇੰਡੋਨੇਸ਼ੀਆ ਗਏ ਹੋਏ ਸਨ। ਅੱਜ ਮੁਲਾਕਾਤ ਦੌਰਾਨ ਉਨ੍ਹਾਂ ਰਾਸ਼ਟਰਪਤੀ ਜੋਅ ਬਾਇਡਨ ਵੱਲੋ ਆਬੇ ਦੇ ਪਰਿਵਾਰ ਲਈ ਭੇਜਿਆ ਗਿਆ ਪੱਤਰ ਕਿਸ਼ਿਦਾ ਨੂੰ ਸੌਂਪਿਆ। ਇਸ ਮੌਕੇ ਬਲਿੰਕਨ ਨੇ ਕਿਸ਼ਿਦਾ ਨੂੰ ਕਿਹਾ, ‘‘ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਨਿੱਜੀ ਪੱਧਰ ’ਤੇ ਵੀ ਇਹ ਨੁਕਸਾਨ ਮਹਿਸੂਸ ਕਰ ਰਹੇ ਹਾਂ। ਅਸਲ ਵਿੱਚ ਮੈਂ ਇੱਥੇ ਇਸ ਕਰਕੇ ਆਇਆ ਹਾਂ ਕਿਉਂਕਿ ਅਮਰੀਕਾ ਅਤੇ ਜਾਪਾਨ ਸਹਿਯੋਗੀਆਂ ਨਾਲੋਂ ਵੱਧ ਕੇ ਦੋਸਤ ਹਨ।’’ -ਏਪੀ