ਟੋਕੀਓ, 10 ਅਗਸਤ
ਜਾਪਾਨੀ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਰੂੜ੍ਹੀਵਾਦੀ ਯੂਨੀਫਿਕੇਸ਼ਨ ਚਰਚ ਤੋਂ ਸਰਕਾਰ ਦੀ ਦੂਰੀ ਬਣਾਉਂਦਿਆਂ ਆਪਣੀ ਵਜ਼ਾਰਤ ’ਚ ਫੇਰਬਦਲ ਕੀਤਾ ਹੈ। ਚਰਚ ਨਾਲ ਸਬੰਧਾਂ ਕਾਰਨ ਸ਼ਿੰਜ਼ੋ ਆਬੇ ਦੇ ਭਰਾ ਤੇ ਰੱਖਿਆ ਮੰਤਰੀ ਨੋਬੂਓ ਕਿਸ਼ੀ ਅਤੇ ਜਨਤਕ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਸਾਤੋਸ਼ੀ ਨਿਨੋਯੂ ਨੂੰ ਹਟਾ ਦਿੱਤਾ ਗਿਆ ਹੈ। ਸਾਬਕਾ ਮੰਤਰੀ ਯਾਸੂਕਾਜ਼ੂ ਹਮਾਦਾ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ। ਵਪਾਰ ਮੰਤਰੀ ਕੋਇਸੀ ਹਗਿਊਡਾ ਨੂੰ ਪਾਰਟੀ ਪਾਲਿਸੀ ਖੋਜ ਕਮੇਟੀ ਦਾ ਮੁਖੀ ਬਣਾ ਦਿੱਤਾ ਗਿਆ ਹੈ। ਉਸ ਦੀ ਥਾਂ ’ਤੇ ਯਾਸੂਤੋਸ਼ੀ ਨਿਸ਼ੀਮੂਰਾ ਨੂੰ ਮੰਤਰੀ ਬਣਾਇਆ ਗਿਆ ਹੈ। ਕਾਤਸੂਨੋਬੂ ਕਾਤੋ ਨੂੰ ਤੀਜੀ ਵਾਰ ਸਿਹਤ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਕਿਸ਼ਿਦਾ ਵੱਲੋਂ 10 ਮਹੀਨੇ ਪਹਿਲਾਂ ਅਹੁਦਾ ਸੰਭਾਲੇ ਜਾਣ ਮਗਰੋਂ ਦੂਜੀ ਵਾਰ ਵਜ਼ਾਰਤ ’ਚ ਫੇਰਬਦਲ ਕੀਤਾ ਗਿਆ ਹੈ। ਉਸ ਨੂੰ ਆਸ ਸੀ ਕਿ ਉਹ 2025 ਤੱਕ ਸਥਿਰ ਸਰਕਾਰ ਦੇਵੇਗਾ ਪਰ ਸ਼ਿੰਜ਼ੋ ਆਬੇ ਦੀ 8 ਜੁਲਾਈ ਨੂੰ ਅਚਾਨਕ ਹੱਤਿਆ ਕਾਰਨ ਕਿਸ਼ਿਦਾ ਵਜ਼ਾਰਤ ਨੂੰ ਝਟਕਾ ਲੱਗਿਆ ਹੈ ਅਤੇ ਲੋਕਾਂ ’ਚ ਉਨ੍ਹਾਂ ਦੀ ਸਾਖ਼ ਨੂੰ ਧੱਕਾ ਲੱਗਾ ਹੈ। ਕਿਸ਼ਿਦਾ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਚਰਚ ਨਾਲ ਸਬੰਧਾਂ ਵਾਲੇ ਉਮੀਦਵਾਰਾਂ ਦੀ ਪਛਾਣ ਕਰਦਿਆਂ ਵਜ਼ਾਰਤ ’ਚ ਫੇਰਬਦਲ ਕੀਤਾ ਗਿਆ ਹੈ। ਉਨ੍ਹਾਂ ਆਪਣੇ ਮੰਤਰੀਆਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਤੋਂ ਯੂਨੀਫਿਕੇਸ਼ਨ ਚਰਚ ਨਾਲ ਸਬੰਧਾਂ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਆਬੇ ਦੀ ਸੰਸਦੀ ਚੋਣਾਂ ਤੋਂ ਦੋ ਦਿਨ ਪਹਿਲਾਂ ਪ੍ਰਚਾਰ ਦੌਰਾਨ ਭਾਸ਼ਨ ਦੇਣ ਸਮੇਂ ਹੱਤਿਆ ਕਰ ਦਿੱਤੀ ਗਈ ਸੀ। ਪੁਲੀਸ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਆਬੇ ਦੇ ਯੂਨੀਫਿਕੇਸ਼ਨ ਚਰਚ ਨਾਲ ਸਬੰਧਾਂ ਕਾਰਨ ਸ਼ੱਕੀ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। -ਏਪੀ