ਟੋਕੀਓ, 12 ਜੁਲਾਈ
ਜਾਪਾਨ ਦੇ ਲੋਕਾਂ ਨੇ ਅੱਜ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਆਬੇ ਪਰਿਵਾਰ ਵੱਲੋਂ ਇਥੇ ਧਾਰਮਿਕ ਅਸਥਾਨ ਵਿਖੇ ਆਬੇ ਦੀਆਂ ਅੰਤਿਮ ਰਸਮਾਂ ਨਿਭਾਈਆਂ ਗਈਆਂ। ਆਬੇ ਦੀ ਲੰਘੇ ਸ਼ੁੱਕਰਵਾਰ ਨੂੰ ਪੱਛਮੀ ਸ਼ਹਿਰ ਨਾਰਾ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਟੋਕੀਓ ਦੇ ਡਾਊਨਟਾਊਨ ਵਿਚਲੇ ਜ਼ੋਜੋਜੀ ਟੈਂਪਲ ਵਿੱਚ ਰੱਖੀਆਂ ਅੰਤਿਮ ਰਸਮਾਂ ਮੌਕੇ ਸੈਂਕੜੇ ਲੋਕ ਰਵਾਇਤੀ ਕਾਲੇ ਰੰਗ ਦੀਆਂ ਪੁਸ਼ਾਕਾਂ ਪਾ ਕੇ ਸ਼ਾਮਲ ਹੋਏ। ਆਬੇ ਦੀ ਮ੍ਰਿਤਕ ਦੇਹ ਨੂੰ ਮੋਟਰਾਂ ਗੱਡੀਆਂ ਦੇ ਕਾਫ਼ਲੇ ਵਿੱਚ ਰੱਖ ਕੇ ਲਿਆਂਦਾ ਗਿਆ। ਆਬੇ ਦੀ ਦੇਹ ਕੋਲ ਉਨ੍ਹਾਂ ਦੀ ਵਿਧਵਾ ਆਕੀ ਆਬੇ ਵੀ ਬੈਠੀ ਸੀ। ਅੰਤਿਮ ਰਸਮਾਂ ਵਿੱਚ ਪ੍ਰਧਾਨ ਮੰਤਰੀ ਫੁਮਿਓ ਕਿਸ਼ੀਦਾ ਤੇ ਸੀਨੀਅਰ ਪਾਰਟੀ ਆਗੂਆਂ ਤੋਂ ਇਲਾਵਾ ਵਿਦੇਸ਼ੀ ਅਧਿਕਾਰੀਆਂ ਸਣੇ ਇਕ ਹਜ਼ਾਰ ਦੇ ਕਰੀਬ ਲੋਕ ਮੌਜੂਦ ਸਨ। ਜਾਪਾਨ ਦੇ ਐੱਨਐੱਚਕੇ ਟੈਲੀਵਿਜ਼ਨ ਨੇ ਆਕੀ ਆਬੇ ਦੇ ਹਵਾਲੇ ਨਾਲ ਕਿਹਾ, ‘‘ਮੇਰਾ ਮੰਨਣਾ ਹੈ ਕਿ ਅਜੇ ਵੀ ਕਈ ਚੀਜ਼ਾਂ ਹਨ, ਜੋ ਸਿਆਸਤਦਾਨ ਵਜੋਂ ਉਹ ਪੂਰੀਆਂ ਨਹੀਂ ਕਰ ਸਕੇ। ਪਰ ਉਨ੍ਹਾਂ ਕਈ ਬੀਜ, ਬੀਜੇ ਹਨ ਤੇ ਮੈਨੂੰ ਯਕੀਨ ਹੈ ਕਿ ਇਹ ਸਾਰੇ ਪੁੰਗਰਨਗੇ।’’ -ਪੀਟੀਆਈ