ਟੋਕੀਓ, 12 ਜੁਲਾਈ
ਅਮਰੀਕਾ ਦੇ ਵਿੱਤ ਮੰਤਰੀ ਜੈਨੇਟ ਯੈਲੇਂ ਅਤੇ ਜਾਪਾਨ ਦੇ ਵਿੱਤ ਮੰਤਰੀ ਨੇ ਅੱਜ ਯੂਕਰੇਨ ਵਿੱਚ ਜੰਗ ਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਵਪਾਰ, ਊਰਜਾ ਤੇ ਖੁਰਾਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਸਹਿਯੋਗ ਕਰਨ ਲਈ ਸਹਿਮਤੀ ਪ੍ਰਗਟਾਈ ਹੈ। ਇਸ ਹਫ਼ਤੇ ਇੰਡੋਨੇਸ਼ੀਆ ਦੇ ਬਾਲੀ ਟਾਪੂ ’ਤੇ ਹੋਣ ਵਾਲੀ ਜੀ-20 ਦੇ ਵਿੱਤ ਮੰਤਰੀਆਂ ਦੀ ਮੀਟਿੰਗ ਤੋਂ ਪਹਿਲਾਂ ਗੱਲਬਾਤ ਲਈ ਯੈਲੇਂ ਨੇ ਅੱਜ ਟੋਕੀਓ ਦਾ ਦੌਰਾ ਕੀਤਾ।
ਇਸ ਮੌਕੇ ਵਿੱਤ ਮੰਤਰੀ ਸ਼ੁਨਿਚੀ ਸੁਜ਼ੂਕੀ ਨੇ ਕਿਹਾ, ‘‘ਸਾਡੀਆਂ ਸਰਕਾਰਾਂ ਦੇ ਕਈ ਨਜ਼ਰੀਏ ਅਤੇ ਤਰਜੀਹਾਂ ਸਾਂਝੀਆਂ ਹਨ, ਜੋ ਕੌਮੀ ਹਿੱਤਾਂ ਦੇ ਨਾਲ ਆਲਮੀ ਸਥਿਰਤਾ ਅਤੇ ਖੁਸ਼ਹਾਲੀ ਨੂੰ ਪ੍ਰਭਾਵਿਤ ਕਰਦੀਆਂ ਹਨ। ਜਦੋਂ ਅਸੀਂ ਇਕੱਠੇ ਕੰਮ ਕਰਦੇ ਹਾਂ ਤਾਂ ਅਸੀਂ ਇੱਕ-ਦੂਜੇ ਤੋਂ ਵੱਧ ਪ੍ਰਭਾਵਸ਼ਾਲੀ ਹੁੰਦੇ ਹਾਂ।’’ ਸੁਜ਼ੂਕੀ ਨੇ ਯੈਲੇਂ ਨੂੰ ਕਿਹਾ, ‘‘ਇਸ ਸਮੇਂ ਜਦੋਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਅਮਰੀਕਾ ਅਤੇ ਜਾਪਾਨ ਲਈ ਮਿਲ ਕੇ ਕੰਮ ਕਰਨਾ ਪਹਿਲਾਂ ਨਾਲੋਂ ਵੀ ਕਿਤੇ ਵੱਧ ਮਹੱਤਵਪੂਰਨ ਹੈ।’’ ਗੱਲਬਾਤ ਤੋਂ ਬਾਅਦ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਉਨ੍ਹਾਂ ਯੂਕਰੇਨ ਨੂੰ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਮਦਦ ਕਰਨ ਦਾ ਵਾਅਦਾ ਕੀਤਾ। -ਏਪੀ