ਟੋਕੀਓ, 15 ਜੂਨ
ਜਾਪਾਨ ਅਤੇ ਆਸਟਰੇਲੀਆ ਦੇ ਰੱਖਿਆ ਮੰਤਰੀਆਂ ਨੇ ਬੁੱਧਵਾਰ ਨੂੰ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਲੋਕਤੰਤਰਿਕ ਕਦਰਾਂ-ਕੀਮਤਾਂ ਦੇ ਹੱਕ ਲਈ ਆਪਣੇ ਸਬੰਧਾਂ ਨੂੰ ਅੱਗੇ ਵਧਾਉਣ ਦੀ ਸਹੁੰ ਚੁੱਕੀ ਅਤੇ ਦੱਖਣ-ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਟਾਪੂ ਦੇਸ਼ਾਂ ਨਾਲ ਵਧੇਰੇ ਨੇੜਤਾ ਨਾਲ ਕੰਮ ਕਰਨ ਲਈ ਸਹਿਮਤ ਹੋਏ, ਜਿੱਥੇ ਚੀਨ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਆਸਟਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਰਲਸ ਅਤੇ ਉਸ ਦੇ ਜਾਪਾਨੀ ਹਮਰੁਤਬਾ ਨੋਬੁਓ ਕਿਸ਼ੀ ਨੇ ਕਿਹਾ ਕਿ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਨਿਯਮ-ਅਧਾਰਿਤ ਵਿਵਸਥਾ ਨੂੰ ਕਾਇਮ ਰੱਖਣ ਅਤੇ ਮਜ਼ਬੂਤ ਕਰਨ ਲਈ ਖੇਤਰ-ਵਿਆਪੀ ਸਹਿਯੋਗ ਜ਼ਰੂਰੀ ਹੈ, ਜਿੱਥੇ ਇਹ ਡਰ ਵਧ ਰਿਹਾ ਹੈ ਕਿ ਯੂਕਰੇਨ ਉੱਤੇ ਰੂਸ ਦਾ ਹਮਲਾ ਚੀਨ ਨੂੰ ਉਤਸ਼ਾਹਿਤ ਕਰ ਸਕਦਾ ਹੈ।
ਮੰਤਰੀਆਂ ਦਾ ਇਹ ਬਿਆਨ ਸਿੰਘਾਪੁਰ ਵਿੱਚ ਸ਼ੰਗਰੀ-ਲਾ ਵਾਰਤਾ ਸਕਿਉਰਿਟੀ ਫੋਰਮ ਦੌਰਾਨ ਮੁਲਾਕਾਤ ਹੋਣ ਦੇ ਤਿੰਨ ਦਿਨ ਬਾਅਦ ਸਾਹਮਣੇ ਆਇਆ ਹੈ। ਨੋਬੁਓ ਕਿਸ਼ੀ ਨਾਲ ਗੱਲਬਾਤ ਮਗਰੋਂ ਟੋਕੀਓ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਰਲਸ ਨੇ ਕਿਹਾ, ‘‘ਇਹ ਸਾਫ਼ ਹੈ ਕਿ ਦੂਜੇ ਵਿਸ਼ਵ ਯੁੱਧ ਮਗਰੋਂ ਸਾਡਾ ਖੇਤਰ ਸਭ ਤੋਂ ਗੁੰਝਲਦਾਰ ਰਾਜਨੀਤਿਕ ਸਥਿਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇੱਕ-ਦੂਜੇ ਨਾਲ ਮਿਲ ਕੇ ਹੀ ਅਸੀਂ ਨਿਯਮਾਂ-ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਨੂੰ ਕਾਇਮ ਰੱਖ ਸਕਦੇ ਹਾਂ, ਫ਼ੌਜੀ ਸ਼ਕਤੀ ਦੇ ਪ੍ਰਭਾਵਸ਼ਾਲੀ ਸੰਤੁਲਨ ਵਿੱਚ ਯੋਗਦਾਨ ਪਾ ਸਕਦੇ ਹਾਂ ਅਤੇ ਇਹ ਯਕੀਨੀ ਬਣਾ ਸਕਦੇ ਹਾਂ ਕਿ ਸਾਡਾ ਖੇਤਰ ਸਥਿਰ, ਸ਼ਾਂਤੀਪੂਰਨ ਅਤੇ ਖੁਸ਼ਹਾਲ ਬਣਿਆ ਰਹੇ।’’
ਕਿਸ਼ੀ ਨੇ ਕਿਹਾ ਕਿ ਦੋਵਾਂ ਮੰਤਰੀਆਂ ਨੇ ਯੂਕਰੇਨ ’ਤੇ ਰੂਸ ਦੇ ਹਮਲੇ ਕਾਰਨ ਪਏ ਪ੍ਰਭਾਵਾਂ ਬਾਰੇ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ। ਜਾਪਾਨ ਅਤੇ ਆਸਟਰੇਲੀਆ ਨੇ ਜਨਵਰੀ ਵਿੱਚ ਦੋਤਰਫ਼ਾ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ ਤਾਂ ਜੋ ਉਨ੍ਹਾਂ ਦੀਆਂ ਫ਼ੌਜਾਂ ਨੂੰ ਸਿਖਲਾਈ ਅਤੇ ਹੋਰ ਫੌਜੀ ਉਦੇਸ਼ਾਂ ਲਈ ਇੱਕ-ਦੂਜੇ ਦੇ ਦੇਸ਼ ਵਿੱਚ ਦਾਖਲ ਹੋਣ ਅਤੇ ਮਿਲ ਕੇ ਕੰਮ ਕਰਨ ਦੀ ਆਗਿਆ ਦਿੱਤੀ ਜਾ ਸਕੇ। -ਏਪੀ