ਸੰਯੁਕਤ ਰਾਸ਼ਟਰ, 21 ਸਤੰਬਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਤੁਰਕੀ ਦੇ ਆਪਣੇ ਹਮਰੁਤਬਾ ਮੈਵਲਟ ਕਾਵੁਸੋਗਲੂ ਨਾਲ ਮੁਲਾਕਾਤ ਕੀਤੀ ਤੇ ਦੋਵਾਂ ਆਗੂਆਂ ਨੇ ਆਲਮੀ ਮੁੱਦਿਆਂ ਨਾਲ ਜੁੜੇ ਵੱਖ ਵੱਖ ਮਸਲਿਆਂ ’ਤੇ ਚਰਚਾ ਕੀਤੀ। ਇਹ ਮੁਲਾਕਾਤ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਈਅਪ ਅਰਦੋਗਾਂ ਵੱਲੋਂ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤੇ ਜਾਣ ਤੋਂ ਕੁਝ ਘੰਟਿਆਂ ਮਗਰੋਂ ਹੋਈ ਹੈ। ਅਰਦੋਗਾਂ ਨੇ ਆਪਣੇ ਸੰਬੋਧਨ ਵਿੱਚ ਕਸ਼ਮੀਰ ਮਸਲੇ ਦੇ ਹਵਾਲੇ ਨਾਲ ‘ਨਿਰਪੱਖ’ ਰਹਿਣ ਦਾ ਦਾਅਵਾ ਕੀਤਾ ਸੀ। ਜੈਸ਼ੰਕਰ ਨੇ ਮੀਟਿੰਗ ਮਗਰੋਂ ਕੀਤੇ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਤੁਰਕੀ ਦੇ ਆਪਣੇ ਹਮਰੁਤਬਾ ਨਾਲ ‘ਯੂਕਰੇਨ ਜੰਗ, ਖੁਰਾਕ ਸੁਰੱਖਿਆ, ਜੀ20, ਆਲਮੀ ਹਾਲਾਤ, ਗੁੱਟਨਿਰਲੇਪ ਅੰਦੋਲਨ ਤੇ ਸਾਇਪ੍ਰਸ ਜਿਹੇ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ।’’ ਅਰਦੋਗਾਂ ਨੇ ਮੰਗਲਵਾਰ ਸਵੇਰ ਨੂੰ ਕੀਤੀ ਤਕਰੀਰ ਵਿੱਚ ਕਸ਼ਮੀਰ ਮਸਲੇ ਨੂੰ ਲੈ ਕੇ ਆਪਣੀ ਸੁਰ ਮੱਠੀ ਰੱਖਦਿਆਂ ਕਿਹਾ, ‘‘ਅਸੀਂ ਆਸ ਤੇ ਦੁਆ ਕਰਦੇ ਹਾਂ ਕਿ ਕਸ਼ਮੀਰ ਵਿੱਚ ਸਥਾਈ ਅਮਨ ਦੀ ਸਥਾਪਤੀ ਹੋਵੇਗੀ।’’ ਉਨ੍ਹਾਂ ਕਸ਼ਮੀਰ ਮਸਲੇ ਦੇ ਕੌਮਾਂਤਰੀਕਰਨ ਤੋਂ ਟਾਲਾ ਵੱਟੀ ਰੱਖਿਆ। ਕਾਬਿਲੇਗੌਰ ਹੈ ਕਿ ਅਰਦੋਗਾਂ ਨੇ ਪਿਛਲੇ ਸਾਲ ਕਸ਼ਮੀਰ ਮੁੱਦੇ ’ਤੇ ਭਾਰਤ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ। ਪਾਕਿਸਤਾਨੀ ਸਿਆਸਤਦਾਨਾਂ ਮਗਰੋਂ ਅਰਦੋਗਾਂ ਇਕੋ ਇਕ ਆਗੂ ਹਨ, ਜਿਨ੍ਹਾਂ 193 ਮੈਂਬਰੀ ਅਸੈਂਬਲੀ ’ਚ ਹਾਲੀਆ ਸਾਲਾਂ ਦੌਰਾਨ ਕਸ਼ਮੀਰ ਮਸਲੇ ਦਾ ਜ਼ਿਕਰ ਕੀਤਾ ਹੈ। -ਆਈਏਐੱਨਐੱਸ
ਮੋਦੀ ਨੇ ਸਹੀ ਫ਼ਰਮਾਇਆ ਸੀ ‘ਇਹ ਜੰਗ ਦਾ ਸਮਾਂ ਨਹੀਂ’: ਇਮੈਨੂਅਲ ਮੈਕਰੋਂ
ਸੰਯੁਕਤ ਰਾਸ਼ਟਰ: ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ ਵਿੱਚ ਆਲਮੀ ਆਗੂਆਂ ਨੂੰ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕਿਹਾ ਸੀ ਕਿ ‘ਇਹ ਜੰਗ ਦਾ ਸਮਾਂ ਨਹੀਂ ਹੈ’ ਅਤੇ ਉਨ੍ਹਾਂ ਦੀ ਇਹ ਗੱਲ ਬਿਲਕੁਲ ਸਹੀ ਸੀ। ਇਜਲਾਸ ਵਿੱਚ ਕੁੱਲ ਆਲਮ ਦੇ ਆਗੂਆਂ ਨੇ ਸ਼ਿਰਕਤ ਕੀਤੀ। ਕਾਬਿਲੇਗੌਰ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਉਜ਼ਬੇਕਿਸਤਾਨ ਦੀ ਰਾਜਧਾਨੀ ਸਮਰਕੰਦ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਸਿਖਰ ਵਾਰਤਾ ਤੋਂ ਇਕਪਾਸੇ ਪੂਤਿਨ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਰੂਸ-ਯੂਕਰੇਨ ਜੰਗ ਕਰਕੇ ਕੁੱਲ ਆਲਮ ’ਤੇ ਪਏ ਅਸਰ ਬਾਰੇ ਚਰਚਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਸੀ ਕਿ ‘‘ਅੱਜ ਦਾ ਯੁੱਗ ਜੰਗ ਦਾ ਨਹੀਂ ਹੈ।’’ ਮੈਕਰੋਂ ਨੇ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਇਹ ਜੰਗ ਦਾ ਯੁੱਗ ਨਹੀਂ ਹੈ। ਇਹ ਪੱਛਮ ਤੋਂ ਬਦਲਾ ਲੈਣ ਅਤੇ ਉਸ ਨੂੰ ਪੂਰਬ ਖ਼ਿਲਾਫ਼ ਖੜ੍ਹਾ ਕਰਨ ਦਾ ਸਮਾਂ ਨਹੀਂ ਹੈ। ਇਹ ਵਕਤ ਹੈ ਜਦੋਂ ਅਸੀਂ ਸਾਰੇ ਦੇਸ਼ ਦਰਪੇਸ਼ ਚੁਣੌਤੀਆਂ ਦਾ ਇਕਜੁੱਟ ਹੋ ਕੇ ਮੁਕਾਬਲਾ ਕਰੀਏ।’’ -ਪੀਟੀਆਈ