ਸਿੰਗਾਪੁਰ, 6 ਜੁਲਾਈ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੱਥੇ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਲਾਰੈਂਸ ਵੌਂਗ ਸਮੇਤ ਦੋ ਪ੍ਰਮੁੱਖ ਆਗੂਆਂ ਨਾਲ ਮੁਲਾਕਾਤ ਦੌਰਾਨ ਆਲਮੀ ਅਰਥਚਾਰੇ ਅਤੇ ਰਾਜਨੀਤਿਕ ਸਥਿਤੀ ’ਤੇ ਵਿਚਾਰ-ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਲਈ ਵੀ ਗੱਲਬਾਤ ਕੀਤੀ। ਜੈਸ਼ੰਕਰ ਬਾਲੀ ਵਿੱਚ ਜੀ20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਇੰਡੋਨੇਸ਼ੀਆ ਜਾਂਦੇ ਸਮੇਂ ਸਿੰਗਾਪੁਰ ਰੁਕੇ ਹਨ। ਉਨ੍ਹਾਂ ਟਵੀਟ ਕੀਤਾ, ‘‘ਸਿੰਗਾਪੁਰ ਵਿੱਚ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਲਾਰੈਂਸ ਵੌਂਗ ਨੂੰ ਮਿਲ ਕੇ ਖ਼ੁਸ਼ੀ ਹੋਈ। ਇਸ ਦੌਰਾਨ ਦੁਵੱਲੇ ਸਬੰਧਾਂ ਨੂੰ ਅਗਲੇ ਪੱਧਰ ’ਤੇ ਲਿਜਾਣ ਲਈ ਵਿਚਾਰ-ਚਰਚਾ ਹੋਈ। ਆਲਮੀ ਰਾਜਨੀਤਕ ਅਤੇ ਆਰਥਿਕ ਸਥਿਤੀ ਬਾਰੇ ਵੀ ਗੱਲਬਾਤ ਹੋਈ।’’ ਇਸ ਦੌਰਾਨ ਜੈਸ਼ੰਕਰ ਨੇ ਸਿੰਗਾਪੁਰ ਦੇ ਰੱਖਿਆ ਮੰਤਰੀ ਨਗ ਐਂਗ ਹੈੱਨ ਨਾਲ ਵੀ ਮੁਲਾਕਾਤ ਕੀਤੀ। -ਪੀਟੀਆਈ