ਮਨਾਮਾ, 25 ਨਵੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਬਹਿਰੀਨ ਦੇ ਭਾਰਤੀ ਭਾਈਚਾਰੇ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ। ਉਨ੍ਹਾਂ ਭਾਰਤ ਤੇ ਬਹਿਰੀਨ ਵਿਚਾਲੇ ਦੁਵੱਲੇ ਸਬੰਧ ਮਜ਼ਬੂਤ ਕਰਨ ਵਿਚ ਭਾਰਤੀਆਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਜੈਸ਼ੰਕਰ ਬਹਿਰੀਨ ਦੇ ਦੋ ਦਿਨਾ ਦੌਰੇ ਉਤੇ ਗਏ ਸਨ ਤੇ ਇਹ ਅੱਜ ਸਮਾਪਤ ਹੋ ਗਿਆ। ਜੈਸ਼ੰਕਰ ਛੇ ਦਿਨਾਂ ਲਈ ਤਿੰਨ ਦੇਸ਼ਾਂ ਦੇ ਦੌਰੇ ਉਤੇ ਹਨ ਤੇ ਬਹਿਰੀਨ ਦੌਰੇ ਦਾ ਪਹਿਲਾ ਪੜਾਅ ਸੀ। ਇਸ ਤੋਂ ਬਾਅਦ ਉਹ ਯੂਏਈ ਤੇ ਸੇਸ਼ਲਜ਼ ਜਾਣਗੇ। ਜੈਸ਼ੰਕਰ ਨੇ ਟਵੀਟ ਕਰਦਿਆਂ ਕਰਦਿਆਂ ਭਾਰਤੀ ਭਾਈਚਾਰੇ ਦੇ ਯੋਗਦਾਨ ਨੂੰ ਸਰਾਹਿਆ। ਇਸ ਤੋਂ ਪਹਿਲਾਂ ਉਹ ਬਹਿਰੀਨ ਦੀ ਰਾਜਧਾਨੀ ਮਨਾਮਾ ਸਥਿਤ ਸਦੀਆਂ ਪੁਰਾਣੇ ਭਗਵਾਨ ਸ੍ਰੀ ਕ੍ਰਿਸ਼ਨ ਮੰਦਰ ਗਏ। ਮਨਾਮਾ ਸਥਿਤ ਸ੍ਰੀਨਾਥਜੀ ਮੰਦਰ ਕਰੀਬ 200 ਸਾਲ ਪੁਰਾਣਾ ਹੈ। ਜੈਸ਼ੰਕਰ ਨੇ ਕਿਹਾ ਕਿ ਇਹ ਧਾਰਮਿਕ ਸਥਾਨ ਭਾਰਤ ਤੇ ਬਹਿਰੀਨ ਵਿਚਾਲੇ ਨੇੜਲੇ ਰਿਸ਼ਤਿਆਂ ਦੀ ਗਵਾਹੀ ਭਰਦਾ ਹੈ ਜੋ ਕਿ ਐਨਾ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਬਰਕਰਾਰ ਹਨ। ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਦਰ ਦੇ ਪੁਨਰ ਨਿਰਮਾਣ ਲਈ ਇਕ ਪ੍ਰਾਜੈਕਟ ਦਾ ਐਲਾਨ ਕੀਤਾ ਸੀ। ਮੰਗਲਵਾਰ ਜੈਸ਼ੰਕਰ ਨੇ ਆਪਣੇ ਬਹਿਰੀਨੀ ਹਮਰੁਤਬਾ ਅਬਦੁਲਲਤੀਫ਼ ਬਿਨ ਰਾਸ਼ਿਦ ਅਲ ਜ਼ਆਨੀ ਨਾਲ ਦੁਵੱਲੇ, ਖੇਤਰੀ ਤੇ ਕੌਮਾਂਤਰੀ ਮਾਮਲਿਆਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਭਾਰਤ ਸਰਕਾਰ ਤੇ ਦੇਸ਼ ਵਾਸੀਆਂ ਵੱਲੋਂ ਬਹਿਰੀਨ ਦੇ ਪ੍ਰਧਾਨ ਮੰਤਰੀ ਪ੍ਰਿੰਸ ਖ਼ਲੀਫਾ ਬਿਨ ਸਲਮਾਨ ਅਲ ਖ਼ਲੀਫਾ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ। ਖ਼ਲੀਫਾ ਦਾ 11 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ। ਜੈਸ਼ੰਕਰ ਨੇ ਕਰੋਨਾਵਾਇਰਸ ਸੰਕਟ ਦੌਰਾਨ ਭਾਰਤੀਆਂ ਦਾ ‘ਵਿਸ਼ੇਸ਼ ਖ਼ਿਆਲ’ ਰੱਖਣ ਲਈ ਅਰਬ ਮੁਲਕ ਦਾ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਬਹਿਰੀਨ ਵਿਚ ਸਾਢੇ ਤਿੰਨ ਲੱਖ ਭਾਰਤੀ ਨਾਗਰਿਕ ਹਨ ਜੋ ਕਿ ਮੁਲਕ ਦੀ ਆਬਾਦੀ ਦਾ ਤੀਜਾ ਹਿੱਸਾ ਹਨ।
-ਪੀਟੀਆਈ