ਪੈਰਿਸ, 21 ਫਰਵਰੀ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇੱਥੇ ਆਪਣੇ ਫਰਾਂਸੀਸੀ ਹਮਰੁਤਬਾ ਯਾਂ-ਯੁਵੇਸ ਲਾ ਦ੍ਰੀਆਂ ਨਾਲ ਪ੍ਰਮੁੱਖ ਖੇਤਰੀ ਅਤੇ ਆਲਮੀ ਮੁੱਦਿਆਂ ਬਾਰੇ ਗੱਲਬਾਤ ਕੀਤੀ। ਉਹ ਜਰਮਨੀ ਵਿੱਚ ਮਿਊਨਿਖ ਸੁਰੱਖਿਆ ਸੰਮੇਲਨ ਵਿੱਚ ਹਿੱਸਾ ਲੈਣ ਮਗਰੋਂ ਐਤਵਾਰ ਨੂੰ ਫਰਾਂਸ ਪਹੁੰਚੇ ਹਨ। ਜੈਸ਼ੰਕਰ ਅਤੇ ਫਰਾਂਸੀਸੀ ਵਿਦੇਸ਼ ਮੰਤਰੀ ਦ੍ਰੀਆਂ ਨੇ ਇਸ ਮੌਕੇ ਭਾਰਤ-ਯੂਰੋਪੀਅਨ ਯੂਨੀਅਨ (ਈਯੂ) ਸਬੰਧਾਂ, ਅਫ਼ਗਾਨਿਸਤਾਨ ਦੀ ਸਥਿਤੀ, ਇਰਾਨ ਦੇ ਪ੍ਰਮਾਣੂ ਸਮਝੌਤੇ ਅਤੇ ਯੂਕਰੇਨ ਸੰਕਟ ਬਾਰੇ ਚਰਚਾ ਕੀਤੀ।
ਜੈਸ਼ੰਕਰ ਅਤੇ ਦ੍ਰੀਆਂ ਨੇ ਬਹੁ-ਪੱਖਵਾਦ ਦੇ ਸਿਧਾਂਤਾਂ ਅਤੇ ਨਿਯਮ ਆਧਾਰਿਤ ਆਦੇਸ਼ਾਂ ’ਤੇ ਆਪਣੀ ਵਚਨਬੱਧਤਾ ਦੁਹਰਾਈ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਆਪਸੀ ਸਰੋਕਾਰਾਂ ਦੇ ਮੁੱਦਿਆਂ ’ਤੇ ਤਾਲਮੇਲ ਬਣਾਉਣ ਬਾਰੇ ਵੀ ਉਨ੍ਹਾਂ ਸਹਿਮਤੀ ਜਤਾਈ। ਜੈਸ਼ੰਕਰ ਨੇ ਟਵੀਟ ਕੀਤਾ, ‘‘ਪੈਰਿਸ ਵਿੱਚ ਪਹੁੰਚ ਗਿਆ ਹਾਂ। ਵਿਦੇਸ਼ ਮੰਤਰੀ ਯਾਂ-ਯੁਵੇਸ ਲਾ ਦ੍ਰੀਆਂ ਨਾਲ ਪ੍ਰਮੁੱਖ ਮੁੱਦਿਆਂ ’ਤੇ ਉਸਾਰੂ ਗੱਲਬਾਤ ਹੋਈ। ਦੁਵੱਲੇ ਸਹਿਯੋਗ, ਹਿੰਦ-ਪ੍ਰਸ਼ਾਂਤ ਮਹਾਸਾਗਰ, ਯੂਕਰੇਨ ਅਤੇ ਜੇਸੀਪੀਓਏ ਬਾਰੇ ਚਰਚਾ ਸਾਡੇ ਡੂੰਘੇ ਵਿਸ਼ਵਾਸ ਅਤੇ ਆਲਮੀ ਭਾਈਵਾਲੀ ਦੀ ਝਲਕ ਪੇਸ਼ ਕਰਦੀ ਹੈ। ਹਿੰਦ ਪ੍ਰਸ਼ਾਂਤ ਮਹਾਸਾਗਰ ’ਤੇ ਯੂਰੋਪੀਅਨ ਯੂਨੀਅਨ ਦੀ ਹੋ ਰਹੀ ਮੰਤਰੀ ਪੱਧਰੀ ਦੀ ਗੱਲਬਾਤ ਵਿੱਚ ਹਿੱਸਾ ਲੈਣ ਲਈ ਉਤਸੁਕ ਹਾਂ।’’ ਜੈਸ਼ੰਕਰ ਹਿੰਦ-ਪ੍ਰਸ਼ਾਂਤ ਅਤੇ ਯੂਰੋਪੀਅਨ ਯੂਨੀਅਨ ਦੇਸ਼ਾਂ ਦੇ ਮੰਤਰੀਆਂ ਨਾਲ ਇਸ ਮੰਚ ਵਿੱਚ 22 ਫਰਵਰੀ ਨੂੰ ਹਿੱਸਾ ਲੈਣਗੇ। ਉਹ ਫਰਾਂਸ ਦੀ ਪ੍ਰਧਾਨਗੀ ਵਿੱਚ ਭਾਰਤ-ਯੂਰੋਪੀਅਨ ਯੂਨੀਅਨ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਭਾਰਤ-ਈਯੂ ਮੁਕਤ ਵਪਾਰ ਅਤੇ ਨਿਵੇਸ਼ ਸਮਝੌਤਿਆਂ ਬਾਰੇ ਗੱਲਬਾਤ ਸ਼ੁਰੂ ਕਰਨ ’ਤੇ ਵੀ ਸਹਿਮਤ ਹੋਏ। -ਪੀਟੀਆਈ