ਕਿਗਾਲੀ (ਰਵਾਂਡਾ), 23 ਜੂਨ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ 24 ਜੂਨ ਤੋਂ ਇੱਥੇ ਸ਼ੁਰੂ ਹੋਣ ਵਾਲੇ ਰਾਸ਼ਟਰ ਮੰਡਲ ਸੰਮੇਲਨ ਤੋਂ ਇੱਕ ਦਿਨ ਪਹਿਲਾਂ ਅੱਜ ਸ੍ਰੀਲੰਕਾ, ਬੰਗਲਾਦੇਸ਼, ਕੈਨੇਡਾ, ਤਨਜ਼ਾਨੀਆ ਤੇ ਰਵਾਂਡਾ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਉਹ ਬੀਤੇ ਦਿਨ ਇੱਥੇ 24-25 ਜੂਨ ਨੂੰ ਹੋਣ ਵਾਲੇ 26ਵੇਂ ਰਾਸ਼ਟਰ ਮੰਡਲ ਸਰਕਾਰਾਂ ਦੇ ਮੁਖੀਆਂ ਦੇ ਸੰਮੇਲਨ (ਚੋਗਮ) ’ਚ ਹਿੱਸਾ ਲੈਣ ਲਈ ਪਹੁੰਚੇ ਹਨ। ਉਹ ਇਸ 54 ਮੁਲਕਾਂ ਦੇ ਹੋਣ ਵਾਲੇ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਮਾਇੰਦਗੀ ਕਰਨਗੇ।
ਜੈਸ਼ੰਕਰ ਨੇ ਟਵੀਟ ਕੀਤਾ, ‘ਚੋਗਮ 2022 ਦੌਰਾਨ ਆਪਣੇ ਸਾਥੀਆਂ ਨਾਲ ਮੁਲਾਕਾਤ ਕਰਕੇ ਚੰਗਾ ਲੱਗਾ। ਇੱਥੇ ਤਨਜ਼ਾਨੀਆ ਦੇ ਵਿਦੇਸ਼ ਮੰਤਰੀ ਤੋਂ ਲਬਿਰਟਾ ਮੁਲਾਮੁਲਾ, ਕੈਨੇਡਾ ਦੇ ਵਿਦੇਸ਼ ਮੰਤਰੀ ਮੈਲੇਨਾ ਜੌਲੀ, ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਜੀਐੱਲ ਪਾਇਰਿਸ ਅਤੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾ. ਏਕੇ ਅਬਦੁਲ ਮੋਮਨ ਨਾਲ ਮੁਲਾਕਾਤ ਕੀਤੀ।’ ਜੈਸ਼ੰਕਰ ਨੇ ਆਪਣੇ ਕੈਨੇਡਿਆਈ ਹਮਰੁਤਬਾ ਮੈਲੇਨਾ ਜੌਲੀ ਨਾਲ ਦੁਵੱਲੀ ਵਾਰਤਾ ਦੌਰਾਨ ਰਾਸ਼ਟਰ ਮੰਡਲ, ਯੂਕਰੇਨ ਵਿਵਾਦ ਅਤੇ ਹਿੰਦ-ਪ੍ਰਸ਼ਾਂਤ ਖੇਤਰ ਸਮੇਤ ਹੋਰ ਕੌਮਾਂਤਰੀ ਮੁੱਦਿਆਂ ’ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਦਿਨੇ ਜੈਸ਼ੰਕਰ ਨੇ ਰਵਾਂਡਾ ਦੇ ਵਿਦੇਸ਼ ਮੰਤਰੀ ਵਿਨਸੈਂਟ ਬਿਰੁਟਾ ਨਾਲ ਗੱਲਬਾਤ ਕਰਕੇ ਦੁਵੱਲੇ ਸਬੰਧਾਂ ਬਾਰੇ ਚਰਚਾ ਕੀਤੀ। ਉਨ੍ਹਾਂ ਟਵੀਟ ਕੀਤਾ, ‘ਮੇਰੇ ਮੇਜ਼ਬਾਨ ਹਮਰੁਤਬਾ ਰਵਾਂਡਾ ਦੇ ਵਿਦੇਸ਼ ਮੰਤਰੀ ਵਿਨਸੈਂਟ ਬਿਰੁਟਾ ਨਾਲ ਮੁਲਾਕਾਤ ਕਰਕੇ ਦਿਨ ਦੀ ਸ਼ੁਰੂਆਤ ਕੀਤੀ।’ -ਪੀਟੀਆਈ
ਭਾਰਤੀ ਭਾਈਚਾਰੇ ਨੂੰ ਮਿਲੇ ਜੈਸ਼ੰਕਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਯੋਗਦਾਨ ਲਈ ਰਵਾਂਡਾ ’ਚ ਰਹਿ ਰਹੇ ਭਾਰਤੀ ਭਾਈਚਾਰੇ ਦੀ ਸ਼ਲਾਘਾ ਕੀਤੀ ਅਤੇ ਇਸ ਪੂਰਬੀ-ਅਫਰੀਕੀ ਦੇਸ਼ ਦੀ ਆਪਣੀ ਯਾਤਰਾ ਦੌਰਾਨ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਦੌਰਾਨ ਭਾਰਤ ਦੀ ਪ੍ਰਗਤੀ ਬਾਰੇ ਗੱਲਬਾਤ ਕੀਤੀ। ਉਨ੍ਹਾਂ ਟਵੀਟ ਕੀਤਾ, ‘ਕੱਲ ਸ਼ਾਮ ਕਿਗਾਲੀ ’ਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਕੇ ਚੰਗਾ ਲੱਗਿਆ। ਭਾਰਤ ’ਚ ਪ੍ਰਗਤੀ ਬਾਰੇ ਉਨ੍ਹਾਂ ਨਾਲ ਗੱਲਬਾਤ ਕੀਤੀ। ਭਾਰਤ-ਰਵਾਂਡਾ ਸਬੰਧਾਂ ’ਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਕਿਗਾਲੀ ’ਚ ਰਾਸ਼ਟਰਮੰਡਲ ਪ੍ਰੋਗਰਾਮਾਂ ਲਈ ਭਾਰਤ ਵੱਲੋਂ ਸ਼ਾਮਲ ਹੋਣ ਵਾਲਿਆਂ ਨਾਲ ਵੀ ਮੁਲਾਕਾਤ ਕੀਤੀ।’