ਨਵੀਂ ਦਿੱਲੀ, 2 ਦਸੰਬਰ
ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਓਮਾਨ ਵਿਚ ਆਪਣੇ ਹਮਰੁਤਬਾ ਬਦਰ ਅਲਬੂਸੈਦੀ ਨਾਲ ਅੱਜ ਦੁਵੱਲੇ ਮਸਲਿਆਂ ’ਤੇ ਚਰਚਾ ਕੀਤੀ। ਦੋਵਾਂ ਆਗੂਆਂ ਵਿਚਾਲੇ ਭਾਰਤ-ਓਮਾਨ ਦੇ ਰਿਸ਼ਤੇ ਹੋਰ ਮਜ਼ਬੂਤ ਕਰਨ ’ਤੇ ਚਰਚਾ ਹੋਈ। ਇਸ ਮੌਕੇ ਵੱਖ-ਵੱਖ ਖੇਤਰੀ ਤੇ ਕੌਮਾਂਤਰੀ ਮੁੱਦਿਆਂ ਬਾਰੇ ਵੀ ਗੱਲਬਾਤ ਕੀਤੀ ਗਈ। ਜੈਸ਼ੰਕਰ ਨੇ ਟਵੀਟ ਕੀਤਾ ਕਿ ਕੋਵਿਡ-19 ਮਹਾਮਾਰੀ ਦੌਰਾਨ ਭਾਰਤੀ ਭਾਈਚਾਰੇ ਦਾ ਖ਼ਿਆਲ ਰੱਖਣ ਲਈ ਉਹ ਓਮਾਨ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਓਮਾਨ ਦੇ ਵਿਦੇਸ਼ ਮੰਤਰੀ ਨਾਲ ਵੱਖ-ਵੱਖ ਮੁੱਦਿਆਂ ਤੋਂ ਇਲਾਵਾ ਸਿਹਤ ਤੇ ਭੋਜਨ ਸੁਰੱਖਿਆ ਬਾਰੇ ਵੀ ਉਨ੍ਹਾਂ ਵਿਚਾਰ-ਵਟਾਂਦਰਾ ਕੀਤਾ। -ਪੀਟੀਆਈ