ਨਵੀਂ ਦਿੱਲੀ, 26 ਅਪਰੈਲ
ਯੂਕੇ ਵੱਲੋਂ ਕਰੋਨਾ ਸੰਕਟ ਦੇ ਟਾਕਰੇ ਲਈ ਭਾਰਤ ਨੂੰ ਹਰ ਸੰਭਵ ਮਦਦ ਦਾ ਐਲਾਨ ਕੀਤੇ ਜਾਣ ਤੋਂ ਇਕ ਦਿਨ ਮਗਰੋਂ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਆਪਣੇ ਬਰਤਾਨਵੀ ਹਮਰੁਤਬਾ ਡੋਮੀਨਿਕ ਰਾਬ ਨਾਲ ਵਰਚੁਅਲ/ਫੋਨ ’ਤੇ ਗੱਲਬਾਤ ਕਰਕੇ ਮਹਾਮਾਰੀ ਦੇ ਵੱਖ ਵੱਖ ਪਹਿਲੂਆਂ ਨਾਲ ਨਜਿੱਠਣ ਲਈ ਦੁਵੱਲੇ ਸਹਿਯੋਗ ’ਤੇ ਚਰਚਾ ਕੀਤੀ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਗੱਲਬਾਤ ਦੌਰਾਨ ਭਾਰਤ-ਯੂਕੇ ਦੁਵੱਲੇ ਏਜੰਡੇ ਨੂੰ ਅੱਗੇ ਵਧਾਉਣ ਦੇ ਢੰਗ ਤਰੀਕੇ ’ਤੇ ਵੀ ਵਿਚਾਰ ਚਰਚਾ ਕੀਤੀ। ਚੇਤੇ ਰਹੇ ਕਿ ਕਰੋਨਾ ਦੇ ਮੌਜੂਦਾ ਸੰਕਟ ਨੇ ਭਾਰਤ ਦੇ ਸਿਹਤ ਢਾਂਚੇ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਤੇ ਕੋਵਿਡ-19 ਦੇ ਵਧਦੇ ਕੇਸਾਂ ਕਰਕੇ ਭਾਰਤ ਨੂੰ ਇਸ ਵੇਲੇ ਤਰਲ (ਮੈਡੀਕਲ) ਆਕਸੀਜਨ ਤੇ ਬੈੱਡਾਂ ਦੀ ਵੱਡੀ ਘਾਟ ਨਾਲ ਜੂਝਣਾ ਪੈ ਰਿਹਾ ਹੈ। ਅਮਰੀਕਾ ਸਮੇਤ ਹੋਰਨਾਂ ਮੁਲਕਾਂ ਨੇ ਸੰਕਟ ਦੀ ਇਸ ਘੜੀ ਵਿੱਚ ਭਾਰਤ ਨੂੰ ਹਰ ਸੰਭਵ ਸਹਿਯੋਗ ਦੇਣ ਦੀ ਗੱਲ ਆਖੀ ਹੈ। -ਪੀਟੀਆਈ