ਨਿਊਯਾਰਕ, 19 ਸਤੰਬਰ
ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਵਿਚ ਹਿੱਸਾ ਲੈਣ ਲਈ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਿਊ ਯਾਰਕ ਪਹੁੰਚ ਗਏ ਹਨ। ਇਸ ਦੌਰਾਨ ਭਾਰਤੀ ਵਿਦੇਸ਼ ਮੰਤਰੀ 50 ਤੋਂ ਵੱਧ ਮੀਟਿੰਗਾਂ ਕਰਨਗੇ। ਐਤਵਾਰ ਨਿਊ ਯਾਰਕ ਪਹੁੰਚੇ ਜੈਸ਼ੰਕਰ ਮਹਾਸਭਾ ਦੇ 77ਵੇਂ ਉੱਚ ਪੱਧਰੀ ਸੈਸ਼ਨ ਵਿਚ ਹਿੱਸਾ ਲੈਣਗੇ। ਇਹ ਸੈਸ਼ਨ ਭਲਕੇ ਸ਼ੁਰੂ ਹੋਵੇਗਾ। ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਇਕ ਟਵੀਟ ਕਰ ਕੇ ਵਿਦੇਸ਼ ਮੰਤਰੀ ਜੈਸ਼ੰਕਰ ਦਾ ਸਵਾਗਤ ਕੀਤਾ। ਸੰਯੁਕਤ ਰਾਸ਼ਟਰ ਵਿਚ ਭਾਰਤ ਅਤਿਵਾਦ ਨਾਲ ਨਜਿੱਠਣ, ਸ਼ਾਂਤੀ ਕਾਇਮ ਰੱਖਣ, ਜਲਵਾਯੂ ਤਬਦੀਲੀ, ਕੋਵਿਡ ਵੈਕਸੀਨ ਤੇ ਹੋਰ ਮੁੱਦਿਆਂ ’ਤੇ ਚਰਚਾ ਕਰੇਗਾ। ਜੈਸ਼ੰਕਰ 24 ਸਤੰਬਰ ਨੂੰ ਮਹਾਸਭਾ ਵਿਚ ਦੁਨੀਆ ਭਰ ਦੇ ਆਗੂਆਂ ਨੂੰ ਸੰਬੋਧਨ ਕਰਨਗੇ। ਮੀਟਿੰਗਾਂ ਦੇ ਪਹਿਲੇ ਦੌਰ ਵਿਚ ਜੈਸ਼ੰਕਰ ਅਲਬਾਨੀਆ, ਮਾਲਟਾ, ਮਿਸਰ ਤੇ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀਆਂ ਨੂੰ ਮਿਲਣਗੇ। ਉਹ ਫਰਾਂਸ-ਭਾਰਤ-ਯੂਏਈ ਬੈਠਕ ਦਾ ਵੀ ਹਿੱਸਾ ਹੋਣਗੇ। ਭਾਰਤੀ ਮਿਸ਼ਨ ਨੇ ਕਿਹਾ ਕਿ ਦੇਸ਼ ਵੱਲੋਂ ਮਹਿਲਾਵਾਂ ਦੀ ਮਜ਼ਬੂਤੀ ਪ੍ਰਤੀ ਵਚਨਬੱਧਤਾ ਤੇ ਪ੍ਰਾਪਤੀਆਂ ਨੂੰ ਉਭਾਰਿਆ ਜਾਵੇਗਾ। 77ਵੇਂ ਸੈਸ਼ਨ ਵਿਚ ਭਾਰਤ ਦੀ ਤਰਜੀਹ ਇਸ ਦੀ ਵਿਦੇਸ਼ ਨੀਤੀ ਦੇ ਮੰਤਵਾਂ ਨੂੰ ਹਾਸਲ ਕਰਨਾ ਹੋਵੇਗਾ। ਘਰੇਲੂ ਸਮਾਜਿਕ-ਆਰਥਿਕ ਵਿਕਾਸ ਤੇ ਗੁਆਂਢ ਵਿਚ ਸੁਰੱਖਿਆ ਮਜ਼ਬੂਤ ਕਰਨ ਦੇ ਪੱਖਾਂ ਨੂੰ ਵੀ ਕੇਂਦਰ ਵਿਚ ਰੱਖਿਆ ਜਾਵੇਗਾ। ਜੈਸ਼ੰਕਰ 18-28 ਸਤੰਬਰ ਤੱਕ ਅਮਰੀਕਾ ਦੇ ਦੌਰੇ ਉਤੇ ਹੋਣਗੇ। ਇਸ ਦੌਰਾਨ ਉਹ ਵਾਸ਼ਿੰਗਟਨ ਡੀਸੀ ਵੀ ਜਾਣਗੇ। ਨਿਊ ਯਾਰਕ ਵਿਚ ਜੈਸ਼ੰਕਰ ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨੂੰ ਵੀ ਮਿਲਣਗੇ। ਭਾਰਤ ਆਪਣੇ ਸਾਥੀ ਮੁਲਕਾਂ ਨਾਲ ਸਲਾਮਤੀ ਪ੍ਰੀਸ਼ਦ ਵਿਚ ਸੁਧਾਰ ਦਾ ਮੁੱਦਾ ਵੀ ਉਠਾਏਗਾ। -ਪੀਟੀਆਈ