ਅਦੀਸ ਅਬਾਬਾ, 22 ਜੂਨ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇਥੋਪੀਆ ਦੇ ਰਾਸ਼ਟਰਪਤੀ ਸਾਹਲੇ-ਵਰਕ ਜ਼ੇਵੜੇ ਨਾਲ ਮੁਲਾਕਾਤ ਕਰ ਕੇ ਦੁਵੱਲੇ ਸਹਿਯੋਗ ’ਤੇ ਵਿਚਾਰ ਚਰਚਾ ਕੀਤੀ। ਇਸ ਦੌਰਾਨ ਦੋਹਾਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਸਥਿਤੀ ’ਤੇ ਵੀ ਆਪੋ-ਆਪਣੇ ਵਿਚਾਰ ਸਾਂਝੇ ਕੀਤੇ। ਇਸ ਬਾਰੇ ਜੈਸ਼ੰਕਰ ਨੇ ਟਵੀਟ ਕੀਤਾ, ‘‘ਮੇਰਾ ਸਵਾਗਤ ਕਰਨ ਲਈ ਇਥੋਪੀਆ ਦੇ ਰਾਸ਼ਟਰਪਤੀ ਸਾਹਲੇ-ਵਰਕ ਜ਼ੇਵੜੇ ਦਾ ਧੰਨਵਾਦ। ਮੁਲਾਕਾਤ ਦੌਰਾਨ ਸਿੱਖਿਆ, ਸਿਹਤ ਅਤੇ ਨਿਵੇਸ਼ ਸਮੇਤ ਸਾਡੇ ਦੁਵੱਲੇ ਸਹਿਯੋਗ ਬਾਰੇ ਵਿਚਾਰ-ਚਰਚਾ ਹੋਈ।’’ ਜੈਸ਼ੰਕਰ ਨੇ ਅੱਜ ਸਵੇਰੇ ਇੱਥੇ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕੀਤਾ। ਇਸ ਸਮਾਗਮ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕਰਦਿਆਂ ਵਿਦੇਸ਼ ਮੰਤਰੀ ਨੇ ਟਵੀਟ ਕੀਤਾ, ‘‘ਸਿੱਖਿਆ ਅਤੇ ਰੁਜ਼ਗਾਰ ਪੈਦਾ ਕਰਨ ਵਿੱਚ ਇਨ੍ਹਾਂ ਦੀ ਭੂਮਿਕਾ ਸ਼ਲਾਘਾਯੋਗ ਰਹੀ ਹੈ। ਇਥੋਪੀਅਨ ਸਮਾਜ ਵਿੱਚ ਇਨ੍ਹਾਂ ਦੇ ਯੋਗਦਾਨ ਨੂੰ ਸਰਾਹਿਆ ਜਾਂਦਾ ਹੈ। ਭਾਰਤੀ ਝੰਡਾ ਉੱਚਾ ਰੱਖਣ ਲਈ ਇਨ੍ਹਾਂ ਦਾ ਧੰਨਵਾਦ।’’ ਜ਼ਿਕਰਯੋਗ ਹੈ ਕਿ ਜੈਸ਼ੰਕਰ ਨੇ ਅੱਜ ਅਦੀਸ ਅਬਾਬਾ ਵਿੱਚ ਭਾਰਤੀ ਸਫਾਰਤਖਾਨੇ ਦੀ ਨਵੀਂ ਇਮਾਰਤ ਦਾ ਵੀ ਉਦਘਾਟਨ ਕੀਤਾ। -ਪੀਟੀਆਈ