ਵੈਲਿੰਗਟਨ: ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਨਿਊਜ਼ੀਲੈਂਡ ਆਉਣ ਦਾ ਸੱਦਾ ਦਿੱਤਾ ਹੈ। ਅਰਡਰਨ ਨੇ ਆਕਲੈਂਡ ਵਿੱਚ ਐੱਨਆਈਡੀ ਫਾਊਂਡੇਸ਼ਨ ਤੇ ਦਿ ਇੰਡੀਅਨ ਵੀਕੈਂਡਰ ਵੱਲੋਂ ਸਾਂਝੇ ਰੂਪ ਵਿੱਚ ਕਰਵਾਏ ‘ਵਿਸ਼ਵ ਸਦਭਾਵਨਾ’ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਇਹ ਸੱਦਾ ਦਿੱਤਾ। ਸਮਾਗਮ ਕਿਵੀ ਇੰਡੀਅਨ ਹਾਲ ਆਫ਼ ਫੇਮ ਐਵਾਰਡਜ਼ ਦੀ ਲੜੀ ਦਾ ਹਿੱਸਾ ਸੀ। ਸਮਾਗਮ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਵੀ ਸ਼ਾਮਲ ਸਨ ਤੇ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਅਸਾਧਾਰਨ ਤੇ ਸਫ਼ਲ ਸ਼ਾਸਨ ਨੂੰ ਦਰਸਾਉਂਦੀਆਂ ਦੋ ਕਿਤਾਬਾਂ ਵੀ ਰਿਲੀਜ਼ ਕੀਤੀਆਂ ਗਈਆਂ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਆਰਡਰਨ ਨੇ ਕਿਹਾ ਕਿ ਨਿਊਜ਼ੀਲੈਂਡ ਤੇ ਭਾਰਤ ਦੇ ਰਿਸ਼ਤੇ ਪਹਿਲਾਂ ਨਾਲੋਂ ਮਜ਼ਬੂਤ ਹੋਏ ਹਨ ਤੇ ਸਮੇਂ ਦੇ ਨਾਲ ਇਨ੍ਹਾਂ ਦੇ ਵਧਣ ਫੁੱਲਣ ਦੀ ਵੱਡੀ ਸਮਰੱਥਾ ਹੈ। -ਆਈਏਐੱਨਐੱਸ