ਰੋਮ, 21 ਜੁਲਾਈ
ਹੁਕਮਰਾਨ ਗੱਠਜੋੜ ’ਚ ਸ਼ਾਮਲ ਪਾਰਟੀਆਂ ਵੱਲੋਂ ਭਰੋਸੇ ਦੇ ਵੋਟ ਦੇ ਬਾਈਕਾਟ ਮਗਰੋਂ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਨਾਲ ਦੇਸ਼ ’ਚ ਛੇਤੀ ਚੋਣਾਂ ਹੋਣ ਦੀ ਸੰਭਾਵਨਾ ਵਧ ਗਈ ਹੈ। ਦਰਾਗੀ ਨੇ ਰਾਸ਼ਟਰਪਤੀ ਸਰਜੀਓ ਮਾਤਰੇਲਾ ਨੂੰ ਅੱਜ ਸਵੇਰੇ ਅਸਤੀਫ਼ਾ ਸੌਂਪਿਆ ਜਿਨ੍ਹਾਂ ਪਿਛਲੇ ਹਫ਼ਤੇ ਉਨ੍ਹਾਂ ਦੇ ਅਸਤੀਫ਼ੇ ਦੀ ਪੇਸ਼ਕਸ਼ ਨੂੰ ਨਕਾਰ ਦਿੱਤਾ ਸੀ। ਉਨ੍ਹਾਂ ਦਰਾਗੀ ਸਰਕਾਰ ਨੂੰ ਕਿਹਾ ਹੈ ਕਿ ਉਹ ਅਗਲੇ ਹੁਕਮਾਂ ਤੱਕ ਕੰਮਕਾਰ ਦੇਖਦੇ ਰਹਿਣ। ਦਰਾਗੀ ਨੇ ਆਪਣੇ ਭਾਈਵਾਲਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਰਕਾਰ ਦੀ ਮਿਆਦ ਪੁੱਗਣ ਤੱਕ ਇਕੱਠਿਆਂ ਰਲ ਕੇ ਕੰਮ ਕਰਨ ਅਤੇ ਯੂਰੋਪੀਅਨ ਯੂਨੀਅਨ ਦੇ ਫੰਡ ਵਾਲੇ ਮਹਾਮਾਰੀ ਰਿਕਵਰੀ ਪ੍ਰੋਗਰਾਮ ਨੂੰ ਲਾਗੂ ਕਰਨਾ ਯਕੀਨੀ ਬਣਾਉਣ। ਇਸ ਦੌਰਾਨ ਫੋਰਜ਼ਾ ਇਤਾਲੀਆ ਅਤੇ ਲੀਗ ਦੀਆਂ ਮੱਧ-ਸੱਜੇ ਪੱਖੀਆਂ ਪਾਰਟੀਆਂ ਤੇ ਪਾਪੂਲਿਸਟ 5 ਸਟਾਰ ਮੂਵਮੈਂਟ ਨੇ ਸੈਨੇਟ ’ਚ ਭਰੋਸੇ ਦੇ ਵੋਟ ਦਾ ਬਾਈਕਾਟ ਕੀਤਾ। ਇਸ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਇਨ੍ਹਾਂ ਪਾਰਟੀਆਂ ਨੇ ਦਰਾਗੀ ਦੀ 17 ਮਹੀਨੇ ਪੁਰਾਣੀ ਸਰਕਾਰ ਤੋਂ ਹੱਥ ਪਿੱਛੇ ਖਿੱਚ ਲਏ ਹਨ। ਹੁਣ ਰਾਸ਼ਟਰਪਤੀ ਵਿਚਾਰ ਵਟਾਂਦਰੇ ਮਗਰੋਂ ਸੰਸਦ ਨੂੰ ਭੰਗ ਕਰ ਸਕਦੇ ਹਨ ਜਿਸ ਮਗਰੋਂ ਸਤੰਬਰ ਦੇ ਅਖੀਰ ਜਾਂ ਅਕਤੂਬਰ ਦੇ ਸ਼ੁਰੂ ’ਚ ਚੋਣਾਂ ਹੋ ਸਕਦੀਆਂ ਹਨ। ਉਂਜ ਸਰਕਾਰ ਦੇ ਪੰਜ ਸਾਲਾਂ ਦੀ ਮਿਆਦ 2023 ’ਚ ਪੂਰੀ ਹੋਣੀ ਸੀ। -ਏਪੀ