ਯੇਰੂਸ਼ਲਮ, 22 ਅਪਰੈਲ
ਇਜ਼ਰਾਇਲੀ ਮਿਲਟਰੀ ਇੰਟੈਲੀਜੈਂਸ ਮੁਖੀ ਮੇਜਰ ਜਨਰਲ ਅਹਾਰੋਨ ਹਾਲਿਵਾ ਨੇ ਹਮਾਸ ਵੱਲੋਂ ਪਿਛਲੇ ਸਾਲ 7 ਅਕਤੂਬਰ ਨੂੰ ਯਹੂਦੀ ਮੁਲਕ ’ਤੇ ਕੀਤੇ ਗਏ ਹਮਲਿਆਂ ਦੌਰਾਨ ਆਪਣੀ ਇਕਾਈ ਦੀ ਨਾਕਾਮੀ ਦੀ ਜ਼ਿੰਮੇਵਾਰੀ ਲੈਂਦਿਆਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਿਵਾ ਇਜ਼ਰਾਇਲੀ ਫ਼ੌਜ ਦੇ ਪਹਿਲੇ ਜਨਰਲ ਬਣ ਗਏ ਹਨ ਜਿਨ੍ਹਾਂ ਮੁਲਕ ’ਤੇ ਹੋਏ ਹਮਲੇ ਮਗਰੋਂ ਆਪਣਾ ਅਹੁਦਾ ਛੱਡਿਆ ਹੈ। ਆਪਣੇ ਅਸਤੀਫ਼ੇ ’ਚ ਹਾਲਿਵਾ ਨੇ ਕਿਹਾ ਕਿ ਇੰਟੈਲੀਜੈਂਸ ਡਿਵੀਜ਼ਨ ਨੂੰ ਜੋ ਕੰਮ ਸੌਂਪਿਆ ਗਿਆ ਸੀ, ਉਹ ਉਸ ’ਤੇ ਖਰਾ ਨਹੀਂ ਉਤਰ ਸਕੀ। ਉਨ੍ਹਾਂ ਜਾਂਚ ਕਮੇਟੀ ਨੂੰ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਕੋਤਾਹੀ ਕਿਥੇ ਹੋਈ ਹੈ। ਹਾਲਿਵਾ ਨੇ ਆਪਣੇ ਪੱਤਰ ’ਚ ਮਿਲਟਰੀ ਇੰਟੈਲੀਜੈਂਸ ਡਾਇਰੈਕਟੋਰੇਟ ਦੇ ਜਵਾਨਾਂ ਵੱਲੋਂ ਜੰਗ ’ਚ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਹਾਲਿਵਾ ਦੇ ਅਸਤੀਫ਼ੇ ਦੀ ਪੁਸ਼ਟੀ ਕਰਦਿਆਂ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐੱਫ) ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਨਿਯੁਕਤੀ ਤੱਕ ਉਹ ਅਹੁਦੇ ’ਤੇ ਬਣੇ ਰਹਿਣਗੇ ਅਤੇ ਉਹ ਆਈਡੀਐੱਫ ਤੋਂ ਰਿਟਾਇਰ ਹੋਣਗੇ। ਚੀਫ਼ ਆਫ਼ ਸਟਾਫ਼ ਨੇ ਮੇਜਰ ਜਨਰਲ ਹਾਲਿਵਾ ਵੱਲੋਂ ਆਈਡੀਐੱਫ ’ਚ 38 ਸਾਲ ਤੋਂ ਵੱਧ ਸਮੇਂ ਤੱਕ ਨਿਭਾਈਆਂ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਧਰ ਵਿਰੋਧੀ ਧਿਰ ਦੇ ਮੈਂਬਰ ਵਲਾਦੀਮੀਰ ਬੇਲਿਆਕ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੋਂ ਫ਼ੌਰੀ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ‘ਐਕਸ’ ’ਤੇ ਲਿਖਿਆ ਕਿ ਪ੍ਰਧਾਨ ਮੰਤਰੀ ਬਿਨਾਂ ਕਿਸੇ ਦੇਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਜਾਂਚ ਕਮੇਟੀ ਕਾਇਮ ਕੀਤੀ ਜਾਵੇ। -ਪੀਟੀਆਈ