ਗਾਜ਼ਾ ਸਿਟੀ, 11 ਮਈ
ਇਜ਼ਰਾਈਲ ਨੇ ਗਾਜ਼ਾ ’ਤੇ ਮੰਗਲਵਾਰ ਸੁਵੱਖਤੇ ਹਵਾਈ ਹਮਲੇ ਕੀਤੇ ਹਨ। ਇਨ੍ਹਾਂ ਧਮਾਕਿਆਂ ਵਿਚ ਹਮਾਸ ਫੀਲਡ ਕਮਾਂਡਰ ਦੇ ਘਰ ਅਤੇ ਦੋ ਸਰਹੱਦੀ ਸੁਰੰਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਮਾਸ ਤੇ ਹੋਰ ਹਥਿਆਰਬੰਦ ਗਰੁੱਪਾਂ ਨੇ ਇਜ਼ਰਾਈਲ ਵੱਲ ਦਰਜਨਾਂ ਰਾਕੇਟ ਦਾਗੇ ਹਨ। ਜ਼ਿਕਰਯੋਗ ਹੈ ਕਿ ਯੋਰੋਸ਼ਲਮ ਵਿਚ ਕਈ ਹਫ਼ਤਿਆਂ ਤੋਂ ਤਣਾਅ ਬਣਿਆ ਹੋਇਆ ਹੈ ਤੇ ਹਮਾਸ ਉਤੇ ਕੀਤੇ ਗਏ ਹਮਲੇ ਇਸੇ ਦਾ ਨਤੀਜਾ ਹਨ। ਸੋਮਵਾਰ ਸ਼ਾਮ ਤੋਂ ਸਰਹੱਦ ਪਾਰੋਂ ਜਾਰੀ ਗੋਲੀਬਾਰੀ ਵਿਚ ਗਾਜ਼ਾ ’ਚ ਨੌਂ ਬੱਚਿਆਂ ਸਣੇ 24 ਫ਼ਲਸਤੀਨੀ ਮਾਰੇ ਗਏ ਹਨ। ਇਜ਼ਰਾਇਲੀ ਫ਼ੌਜ ਮੁਤਾਬਕ ਮ੍ਰਿਤਕਾਂ ਵਿਚ 15 ਅਤਿਵਾਦੀ ਹਨ। ਇਸੇ ਸਮੇਂ ਦੌਰਾਨ ਗਾਜ਼ਾ ਵਿਚ ਅਤਿਵਾਦੀਆਂ ਨੇ 200 ਤੋਂ ਵੱਧ ਰਾਕੇਟ ਇਜ਼ਰਾਈਲ ਵੱਲ ਦਾਗੇ ਹਨ। ਇਸ ਹਮਲੇ ਵਿਚ ਛੇ ਇਜ਼ਰਾਇਲੀ ਨਾਗਰਿਕ ਫੱਟੜ ਹੋ ਗਏ ਹਨ। ਦੱਸਣਯੋਗ ਹੈ ਕਿ ਹਮਾਸ ਵੱਲੋਂ ਦਾਗਿਆ ਗਿਆ ਇਕ ਰਾਕੇਟ ਇਜ਼ਰਾਈਲ ਦੇ ਇਕ ਅਪਾਰਟਮੈਂਟ ਵਿਚ ਵੱਜਾ ਹੈ।
ਇਸ ਤੋਂ ਪਹਿਲਾਂ ਫ਼ਲਸਤੀਨੀ ਤੇ ਇਜ਼ਰਾਇਲੀ ਸੁਰੱਖਿਆ ਬਲਾਂ ਵਿਚਾਲੇ ਕਈ ਘੰਟੇ ਹਿੰਸਕ ਟਕਰਾਅ ਹੋਇਆ। ਇਹ ਟਕਰਾਅ ਮੁੱਖ ਤੌਰ ’ਤੇ ਯੋਰੋਸ਼ਲਮ ਤੇ ਪੱਛਮੀ ਕੰਢੇ ’ਤੇ ਵੀ ਹੋਇਆ ਹੈ। ਇਸ ਟਕਰਾਅ ਵਿਚ 700 ਫ਼ਲਸਤੀਨੀ ਫੱਟੜ ਹੋ ਗਏ ਹਨ ਤੇ 500 ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਗੜਬੜੀ ਖ਼ਿਲਾਫ਼ ਇਜ਼ਰਾਈਲ ’ਚ ਅਰਬ ਭਾਈਚਾਰੇ ਦੇ ਸੈਂਕੜੇ ਨਿਵਾਸੀਆਂ ਨੇ ਰੋਸ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਹਨ। ਇਜ਼ਰਾਇਲੀ ਫ਼ੌਜ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਫ਼ੌਜ ਮੁਖੀ ਨੇ ਮੁਲਕ ਦੇ ਦੱਖਣ ਵਿਚ ਹੋਰ ਫ਼ੌਜ ਭੇਜਣ ਦਾ ਹੁਕਮ ਦਿੱਤਾ ਹੈ ਕਿਉਂਕਿ ਗਾਜ਼ਾ ਵਿਚ ਟਕਰਾਅ ਦੂਜੇ ਦਿਨ ’ਚ ਦਾਖਲ ਹੋ ਗਿਆ ਹੈ। -ਏਪੀ