ਯੇਰੂਸ਼ਲੱਮ: ਇਜ਼ਰਾਈਲ ਵਿਚ ਇਕ ਯਹੂਦੀ ਧਾਰਮਿਕ ਇਕੱਠ ’ਚ ਭਗਦੜ ਮਚਣ ਕਾਰਨ 44 ਲੋਕਾਂ ਦੀ ਮੌਤ ਹੋ ਗਈ ਤੇ 150 ਹੋਰ ਫੱਟੜ ਹੋ ਗਏ। ਬਿਨਾਂ ਜੰਗ ਸ਼ਾਂਤੀ ਵੇਲੇ ਇਜ਼ਰਾਈਲ ਵਿਚ ਵਾਪਰੀ ਇਹ ਸਭ ਤੋਂ ਵੱਡੀ ਤ੍ਰਾਸਦੀ ਹੈ। ਕਰੋਨਾਵਾਇਰਸ ਦੀਆਂ ਪਾਬੰਦੀਆਂ ਦੀ ਉਲੰਘਣਾ ਕਰ ਕੇ ਹਜ਼ਾਰਾਂ ਲੋਕ ਮੁਲਕ ਦੇ ਉੱਤਰ ਵਿਚ ਇਕੱਠੇ ਹੋਏ ਸਨ। ਦੱਸਣਯੋਗ ਹੈ ਕਿ ਇਜ਼ਰਾਈਲ ਵਿਚ ‘ਮਾਊਂਟ ਮੇਰਨ’ ’ਤੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ ਜਿੱਥੇ ਲੋਕ ਪੂਰੀ ਰਾਤ ਜੁੜੇ ਰਹਿੰਦੇ ਹਨ। ਹਾਲ ਹੀ ਵਿਚ ਇਜ਼ਰਾਈਲ ਨੇ ਖੁੱਲ੍ਹੀਆਂ ਥਾਵਾਂ ’ਚ ਲੋਕਾਂ ਨੂੰ ਮਾਸਕ ਨਾ ਪਹਿਨਣ ਦੀ ਖੁੱਲ੍ਹ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਮੁਲਕ ਨੇ ਤੇਜ਼ ਗਤੀ ਨਾਲ ਟੀਕਾਕਰਨ ਮੁਕੰਮਲ ਕਰ ਲਿਆ ਸੀ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੁਝ ਸ਼ਰਧਾਲੂ ਪੌੜੀਆਂ ’ਤੇ ਖ਼ਿਸਕ ਗਏ ਤੇ ਇਸ ਤਰ੍ਹਾਂ ਸੈਂਕੜੇ ਲੋਕ ਇਕ-ਦੂਜੇ ਦੇ ਉਪਰ ਡਿਗਦੇ ਗਏ ਅਤੇ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। -ਪੀਟੀਆਈ