ਗਾਜ਼ਾ ਸਿਟੀ, 13 ਮਈ
ਇਜ਼ਰਾਈਲ ਨੇ ਗਾਜ਼ਾ ਪੱਟੀ ’ਚ ਫੌਜੀ ਹਮਲਾ ਤੇਜ਼ ਕਰ ਦਿੱਤਾ ਹੈ ਜਿਸ ’ਚ ਹਮਾਸ ਦੇ 10 ਮੋਹਰੀ ਕੱਟੜਪੰਥੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਹਵਾਈ ਹਮਲਿਆਂ ’ਚ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ ਜਿੱਥੇ ਹਮਾਸ ਦੇ ਲੋਕ ਰਹਿੰਦੇ ਸਨ। ਇਸਲਾਮੀ ਦਹਿਸ਼ਤੀ ਗਰੁੱਪ ਨੇ ਵੀ ਪਿੱਛੇ ਹਟਣ ਦਾ ਕੋਈ ਸੰਕੇਤ ਨਹੀਂ ਦਿੱਤਾ ਹੈ ਅਤੇ ਉਸ ਨੇ ਇਜ਼ਰਾਇਲੀ ਸ਼ਹਿਰਾਂ ’ਚ ਸੈਂਕੜੇ ਰਾਕੇਟ ਦਾਗੇ। ਸਿਰਫ਼ ਤਿੰਨ ਦਿਨਾਂ ’ਚ ਦੋਵਾਂ ਦੁਸ਼ਮਣਾਂ ਵਿਚਾਲੇ ਲੜਾਈ ਨੇ 2014 ਦੀ ਉਹ ਤਬਾਹਕੁਨ ਜੰਗ ਦੀ ਯਾਦ ਕਰਵਾ ਦਿੱਤੀ ਜੋ 50 ਦਿਨ ਚੱਲੀ ਸੀ। ਇਸ ਲੜਾਈ ਨੇ ਇਜ਼ਰਾਈਲ ’ਚ ਦਹਾਕਿਆਂ ਬਾਅਦ ਭਿਆਨਕ ਯਹੂਦੀ-ਅਰਬ ਹਿੰਸਾ ਨੂੰ ਜਨਮ ਦਿੱਤਾ ਹੈ।
ਇਜ਼ਰਾਈਲ ਨੇ ਸਵੇਰ ਹੁੰਦਿਆਂ ਹੀ ਕਈ ਹਵਾਈ ਹਮਲੇ ਕੀਤੇ ਅਤੇ ਗਾਜ਼ਾ ਦੇ ਦਰਜਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਬੀਤੇ ਦਿਨ ਵੀ ਇਜ਼ਰਾਈਲ ਨੇ ਕਈ ਹਵਾਈ ਹਮਲੇ ਕੀਤੇ ਸਨ। ਗਾਜ਼ਾ ਸਿਟੀ ’ਚ ਰਾਤ ਨੂੰ ਸੜਕਾਂ ’ਤੇ ਸੁੰਨ ਪਸਰ ਗਈ ਤੇ ਰਮਜ਼ਾਨ ਦੇ ਆਖਰੀ ਦਿਨ ਵੀ ਲੋਕ ਆਪਣੇ ਘਰਾਂ ਅੰਦਰ ਹੀ ਟਿਕੇ ਰਹੇ। ਗਾਜ਼ਾ ਸਿਟੀ ’ਚ ਆਪਣੀ ਇਮਾਰਤ ’ਤੇ ਬੰਬ ਡਿੱਗਣ ਤੋਂ ਬਾਅਦ ਰਿਸ਼ਤੇਦਾਰਾਂ ਨਾਲ ਭੱਜ ਕੇ ਮੱਧ ਗਾਜ਼ਾ ਆਏ 44 ਸਾਲਾ ਜਿਆਦ ਖੱਤਾਬ ਨੇ ਕਿਹਾ ਕਿ ਉਹ ਨਾ ਤਾਂ ਕਿਤੇ ਭੱਜ ਸਕਦੇ ਹਨ ਤੇ ਹੀ ਕਿਤੇ ਲੁਕ ਸਕਦੇ ਹਨ। ਗਾਜ਼ਾ ਦੇ ਦਹਿਸ਼ਤਗਰਦ ਸਾਰਾ ਦਿਨ ਇਜ਼ਰਾਈਲ ’ਤੇ ਰਾਕੇਟ ਦਾਗਦੇ ਰਹੇ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ 83 ਫਲਸਤੀਨੀਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ’ਚ 17 ਬੱਚੇ ਤੇ ਸੱਤ ਔਰਤਾਂ ਸ਼ਾਮਲ ਹਨ। ਇਸਲਾਮੀ ਜਹਾਦ ਦੇ ਸੱਤ ਕੱਟੜਪੰਥੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਜਦਕਿ ਹਮਾਸ ਦੇ ਇੱਕ ਸਿਖਰਲੇ ਕਮਾਂਡਰ ਤੇ ਕਈ ਹੋਰ ਮੈਂਬਰਾਂ ਦੇ ਮਾਰੇ ਜਾਣ ਦੀ ਗੱਲ ਕਹੀ ਗਈ ਹੈ। -ਏਪੀ
ਸਥਾਨਕ ਲੋਕਾਂ ਦੀ ਹਾਲਤ ਤਰਸਯੋਗ
ਗਾਜ਼ਾ ਸਿਟੀ: ਗਾਜ਼ਾ ਸਿਟੀ ’ਚ 50 ਸਾਲਾ ਉਮ ਮਾਜਿਦ ਅਲ ਰਈਸ ਨੂੰ ਆਪਣੀ ਅਤੇ ਆਪਣੇ ਚਾਰ ਬੱਚਿਆਂ ਦੀ ਜਾਨ ਇਜ਼ਰਾਇਲੀ ਹਵਾਈ ਹਮਲੇ ਤੋਂ ਬਚਾਉਣ ਲਈ ਗੁਆਂਢੀਆਂ ਦੇ ਘਰ ਜਾਣਾ ਪਿਆ ਕਿਉਂਕਿ ਇਜ਼ਰਾਈਲ ਦੇ ਜੰਗੀ ਜਹਾਜ਼ਾਂ ਨੇ ਉਨ੍ਹਾਂ ਦੀ ਰਿਹਾਇਸ਼ੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਹੈ। ਅਲ ਰਈਸ ਤੇ ਹੋਰਨਾਂ ਫਲਸਤੀਨੀਆਂ ਦਾ ਸਵਾਲ ਹੈ, ‘ਅਸੀਂ ਕਿੱਥੇ ਜਾਈਏ?’ ਅਲ ਰਈਸ ਨੇ ਦੱਸਿਆ, ‘ਪੂਰਾ ਇਲਾਕਾ ਇੱਕ ਛੋਟਾ ਜਿਹਾ ਹਿੱਸਾ ਹੈ। ਇਹ ਇੱਕ ਜੇਲ੍ਹ ਹੈ। ਤੁਸੀਂ ਕਿਤੇ ਵੀ ਜਾਓ ਪਰ ਨਿਸ਼ਾਨੇ ’ਤੇ ਹੀ ਰਹੋਗੇ।’ ਉਸ ਨੇ ਕਿਹਾ ਕਿ ਬਿਨਾਂ ਚਿਤਾਵਨੀ ਦਿੱਤਿਆਂ ਇਜ਼ਰਾਈਲ ਨੇ ਹਵਾਈ ਹਮਲੇ ਕੀਤੇ। ਗਾਜ਼ਾ ’ਚ 20 ਲੱਖ ਲੋਕ ਰਹਿੰਦੇ ਹਨ ਤੇ ਇੱਕ ਹਵਾਈ ਹਮਲਿਆਂ ਨੂੰ ਲੈ ਕੇ ਕੋਈ ਸਾਇਰਨ ਜਾਂ ਸੁਰੱਖਿਅਤ ਘਰ ਨਹੀਂ ਹੈ। -ਏਪੀ