ਯੋਰੋਸ਼ਲਮ/ਵਾਸ਼ਿੰਗਟਨ/ਸੰਯੁਕਤ ਰਾਸ਼ਟਰ/ਪੇਈਚਿੰਗ, 21 ਮਈ
ਇਜ਼ਰਾਈਲ ਤੇ ਫ਼ਲਸਤੀਨੀ ਦਹਿਸ਼ਤਗਰਦ ਸੰਗਠਨ ‘ਹਮਾਸ’ ਗੋਲੀਬੰਦੀ ਲਈ ਸਹਿਮਤ ਹੋ ਗਏ ਹਨ। ਇਸ ਤਰ੍ਹਾਂ 11 ਦਿਨਾਂ ਤੋਂ ਲਗਾਤਾਰ ਕੀਤੀ ਜਾ ਰਹੇ ਹਵਾਈ ਹਮਲਿਆਂ ਦੇ ਖਾਤਮੇ ਦਾ ਮੁੱਢ ਬੱਝ ਗਿਆ ਹੈ। ਜ਼ਿਕਰਯੋਗ ਹੈ ਕਿ 2014 ਦੀ ਗਾਜ਼ਾ ਜੰਗ ਤੋਂ ਬਾਅਦ ਪਹਿਲੀ ਵਾਰ ਦੋਵਾਂ ਧਿਰਾਂ ਵਿਚਾਲੇ ਐਨੇ ਵੱਡੇ ਪੱਧਰ ’ਤੇ ਟਕਰਾਅ ਹੋਇਆ ਹੈ। ਇਸ ਹਿੰਸਾ ਵਿਚ ਹੁਣ ਤੱਕ 240 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਤੇ ਸੈਂਕੜੇ ਫੱਟੜ ਹੋਏ ਹਨ। ਸ਼ਾਂਤੀ ਬਹਾਲੀ ਦੇ ਯਤਨਾਂ ’ਚ ਅਮਰੀਕਾ, ਮਿਸਰ ਤੇ ਕਈ ਹੋਰ ਦੇਸ਼ਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਗੋਲੀਬੰਦੀ ਅੱਜ ਤੋਂ ਲਾਗੂ ਹੋ ਗਈ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਮੁਤਾਬਕ ਸੁਰੱਖਿਆ ਕੈਬਨਿਟ ‘ਆਪਸੀ ਸਹਿਮਤੀ ਨਾਲ ਬਿਨਾਂ ਸ਼ਰਤ’ ਬੰਬਾਰੀ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਗੋਲੀਬੰਦੀ ਤੋਂ ਬਾਅਦ ਗਾਜ਼ਾ ਪੱਟੀ ਤੇ ਪੱਛਮੀ ਕੰਢੇ ’ਤੇ ਲੋਕਾਂ ਨੇ ਖ਼ੁਸ਼ੀ ਮਨਾਈ ਹੈ। ਸੋਸ਼ਲ ਮੀਡੀਆ ’ਤੇ ਜਸ਼ਨ ਮਨਾਉਣ ਦੀਆਂ ਕਈ ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਹਨ। ਇਜ਼ਰਾਈਲ ਤੇ ਹਮਾਸ ਦੋਵੇਂ ਇਸ ਟਕਰਾਅ ਵਿਚ ਆਪਣੀ ਜਿੱਤ ਹੋਈ ਦੱਸ ਰਹੇ ਹਨ। ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸਿਸੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਸ਼ਾਂਤੀ ਬਹਾਲੀ ਵਿਚ ਨਿਭਾਈ ਭੂਮਿਕਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਮਿਸਰੀ ਰਾਸ਼ਟਰਪਤੀ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਟਕਰਾਅ ਨੂੰ ਕੂਟਨੀਤੀ ਨਾਲ ਹੱਲ ਕਰਨ ਦੀ ਜ਼ਰੂਰਤ ਨੂੰ ਸਮਝਿਆ ਹੈ। ਇਸੇ ਦੌਰਾਨ ਬਾਇਡਨ ਨੇ ਗੋਲੀਬੰਦੀ ਦਾ ਸਵਾਗਤ ਕਰਦਿਆਂ ਕਿਹਾ ਕਿ ਫ਼ਲਸਤੀਨੀ ਤੇ ਇਜ਼ਰਾਇਲੀ ਲੋਕ ਸੁਰੱਖਿਅਤ ਜੀਵਨ ਜਿਊਣ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਚੁੱਪ-ਚੁਪੀਤੇ ਆਪਣੇ ਅਣਥੱਕ ਯਤਨ ਜਾਰੀ ਰੱਖੇਗਾ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਨਾਲ ਮਿਲ ਕੇ ਗਾਜ਼ਾ ਦੇ ਲੋਕਾਂ ਲਈ ਮੁੜ ਵਸੇਬੇ ਲਈ ਯਤਨ ਕੀਤੇ ਜਾਣਗੇ। ਬਾਇਡਨ ਨੇ ਨੇਤਨਯਾਹੂ ਤੇ ਮਿਸਰ ਦੇ ਰਾਸ਼ਟਰਪਤੀ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ ਹੈ। ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨੇ ਵੀ ਗਾਜ਼ਾ ਤੇ ਇਜ਼ਰਾਈਲ ਦਰਮਿਆਨ ਹੋਏ ਗੋਲੀਬੰਦੀ ਸਮਝੌਤੇ ਦਾ ਸਵਾਗਤ ਕੀਤਾ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਟਕਰਾਅ ਦਾ ਹੱਲ ਲੱਭਣ ਲਈ ਤੇ ਸ਼ਾਂਤੀ ਬਹਾਲ ਕਰਨ ਲਈ ‘ਗੰਭੀਰ ਵਿਚਾਰ-ਚਰਚਾ’ ਕਰਨੀ ਚਾਹੀਦੀ ਹੈ। ਇਸੇ ਦੌਰਾਨ ਚੀਨ ਨੇ ਐਲਾਨ ਕੀਤਾ ਹੈ ਕਿ ਉਹ ਗਾਜ਼ਾ ਦੀ ਮਾਲੀ ਮਦਦ ਕਰੇਗਾ ਤੇ ਕੋਵਿਡ ਦੀ ਦੋ ਲੱਖ ਡੋਜ਼ ਭੇਜੇਗਾ। -ਪੀਟੀਆਈ/ਏਪੀ
ਇਜ਼ਰਾਈਲ, ਫ਼ਲਸਤੀਨ ਦੀ ਸਿੱਧੀ ਗੱਲਬਾਤ ਲਈ ਸੁਖਾਵਾਂ ਮਾਹੌਲ ਉਸਾਰਿਆ ਜਾਵੇ: ਭਾਰਤ
ਸੰਯੁਕਤ ਰਾਸ਼ਟਰ: ਭਾਰਤ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਇਜ਼ਰਾਈਲ ਤੇ ਫ਼ਲਸਤੀਨ ਦੀ ਸਿੱਧੀ ਗੱਲਬਾਤ ਨੂੰ ਬਹਾਲ ਕਰਨ ਲਈ ਹਰ ਯਤਨ ਕਰਨਾ ਚਾਹੀਦਾ ਹੈ ਤੇ ਪਹਿਲਾਂ ਇਸ ਲਈ ਸੁਖਾਵਾਂ ਮਾਹੌਲ ਸਿਰਜਿਆ ਜਾਵੇ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤ੍ਰਿਮੂਰਤੀ ਨੇ ਕਿਹਾ ਕਿ ਅਰਥ ਭਰਪੂਰ ਗੱਲਬਾਤ ਲੰਮੇ ਸਮੇਂ ਲਈ ਫ਼ਾਇਦੇਮੰਦ ਹੋਵੇਗੀ ਤੇ ਖੇਤਰ ਵਿਚ ਸਥਿਰਤਾ ਤੇ ਸ਼ਾਂਤੀ ਕਾਇਮ ਰੱਖੇਗੀ। ਦੱਸਣਯੋਗ ਹੈ ਕਿ ਮੱਧ ਪੂਰਬ ਤੇ ਫ਼ਲਸਤੀਨ ਦੀ ਸਥਿਤੀ ਬਾਰੇ ਸੰਯੁਕਤ ਰਾਸ਼ਟਰ ਜਨਰਲ ਇਜਲਾਸ ਕਰਵਾਇਆ ਗਿਆ ਸੀ ਤੇ ਵਿਚਾਰ-ਚਰਚਾ ਕੀਤੀ ਗਈ ਸੀ। ਇਸ ਵਿਚ ਕਰੀਬ 12 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਹਿੱਸਾ ਲਿਆ। -ਪੀਟੀਆਈ