ਗਾਜ਼ਾ ਸਿਟੀ, 7 ਅਗਸਤ
ਇਜ਼ਰਾਈਲ ਨੇ ਕਿਹਾ ਹੈ ਕਿ ਉਨ੍ਹਾਂ ਭੀੜਭਾੜ ਵਾਲੇ ਗਾਜ਼ਾ ਸ਼ਰਨਾਰਥੀ ਕੈਂਪ ’ਤੇ ਹਮਲਾ ਕਰਕੇ ਸੀਨੀਅਰ ਇਸਲਾਮਿਕ ਕਮਾਂਡਰ ਖਾਲਿਦ ਮਨਸੂਰ ਨੂੰ ਮਾਰ ਮੁਕਾਇਆ ਹੈ। ਦਹਿਸ਼ਤੀ ਗੁੱਟਾਂ ਖ਼ਿਲਾਫ਼ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ’ਚ ਦੂਜਾ ਵੱਡਾ ਕਮਾਂਡਰ ਮਾਰਿਆ ਗਿਆ ਹੈ। ਇਜ਼ਰਾਇਲੀ ਹਮਲੇ ਦੇ ਜਵਾਬ ’ਚ ਇਰਾਨ ਦੇ ਸਮਰਥਨ ਵਾਲੇ ਦਹਿਸ਼ਤੀ ਗੁੱਟ ਨੇ ਸੈਂਕੜੇ ਰਾਕੇਟ ਦਾਗ਼ੇ। ਇਸ ਟਕਰਾਅ ਕਾਰਨ ਜੰਗ ਸ਼ੁਰੂ ਹੋਣ ਦਾ ਖ਼ਤਰਾ ਬਣ ਗਿਆ ਹੈ। ਗਾਜ਼ਾ ਦੇ ਹੁਕਮਰਾਨ ਹਮਾਸ ਧੜੇ, ਜਿਸ ਨੇ ਇਜ਼ਰਾਈਲ ਨਾਲ ਮਈ 2021 ’ਚ 11 ਦਿਨ ਦੀ ਜੰਗ ਲੜੀ ਸੀ, ਨੇ ਅਜੇ ਆਪਣਾ ਰੁਖ਼ ਸਪੱਸ਼ਟ ਨਹੀਂ ਕੀਤਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਜ਼ਰਾਈਲ ਨਾਲ ਸਮਝੌਤੇ ਟੁੱਟ ਸਕਦੇ ਹਨ। ਦੱਖਣੀ ਗਾਜ਼ਾ ਦੇ ਰਾਫਾਹ ਸ਼ਰਨਾਰਥੀ ਕੈਂਪ ਦੀ ਅਪਾਰਟਮੈਂਟ ਇਮਾਰਤ ’ਤੇ ਸ਼ਨਿਚਰਵਾਰ ਨੂੰ ਕੀਤੇ ਹਮਲੇ ’ਚ ਮਨਸੂਰ ਮਾਰਿਆ ਗਿਆ। ਹਮਲੇ ’ਚ ਦੋ ਹੋਰ ਦਹਿਸ਼ਤਗਰਦ ਅਤੇ ਪੰਜ ਆਮ ਨਾਗਰਿਕ ਵੀ ਮਾਰੇ ਗਏ ਹਨ। ਇਜ਼ਰਾਈਲ ਵੱਲੋਂ ਕੀਤੇ ਹਮਲਿਆਂ ’ਚ ਹੁਣ ਤੱਕ 31 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ’ਚ ਛੇ ਬੱਚੇ ਅਤੇ ਚਾਰ ਮਹਿਲਾਵਾਂ ਸ਼ਾਮਲ ਹਨ। -ਏਪੀ