ਕਾਬੁਲ, 3 ਨਵੰਬਰ
ਇਸਲਾਮਿਕ ਸਟੇਟ ਨੇ ਕਾਬੁਲ ਦੇ ਮਿਲਟਰੀ ਹਸਪਤਾਲ ਦੇ ਮੁੱਖ ਗੇਟ ’ਤੇ ਬੀਤੇ ਦਿਨੀਂ ਹੋਏ ਧਮਾਕੇ ਦੀ ਅੱਜ ਜ਼ਿੰਮੇਵਾਰੀ ਲੈ ਲਈ ਹੈ। ਇਸ ਧਮਾਕੇ ਵਿੱਚ 19 ਲੋਕਾਂ ਦੀ ਜਾਨ ਜਾਂਦੀ ਰਹੀ, ਜਦੋਂਕਿ 40 ਤੋਂ ਵੱਧ ਫੱਟੜ ਹੋ ਗਏ ਹਨ। ਸ਼ਿਨਹੂਆ ਖ਼ਬਰ ਏਜੰਸੀ ਮੁਤਾਬਕ, ਗਰੁੱਪ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਐਲਾਨ ਕੀਤਾ ਹੈ।
ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਸੋਸ਼ਲ ਮੀਡੀਆ ’ਤੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸਲਾਮਿਕ ਸਟੇਟ ਦੇ ਪੰਜ ਅਤਿਵਾਦੀਆਂ ਵੱਲੋਂ ਇਹ ਹਮਲਾ ਮੰਗਲਵਾਰ ਨੂੰ ਕਾਬੁਲ ਦੇ ਸਰਦਾਰ ਮੁਹੰਮਦ ਦਾਊਦ ਖਾਨ ਮਿਲਟਰੀ ਹਸਪਤਾਲ ਵਿੱਚ ਕੀਤਾ ਗਿਆ, ਜਿਸ ਵਿੱਚ ਸੱਤ ਜਣੇ ਮਾਰੇ ਗਏ। ਇਸ ਵਿੱਚ ਤਿੰਨ ਔਰਤਾਂ, ਇੱਕ ਬੱਚਾ ਅਤੇ ਤਿੰਨ ਤਾਲਿਬਾਨ ਸਿਪਾਹੀ ਸ਼ਾਮਲ ਹਨ। ਪੰਜੇ ਹਮਲਾਵਰ ਵੀ ਮਾਰੇ ਗਏ। ਇਸਲਾਮਿਕ ਸਟੇਟ ਵੱਲੋਂ ਪਹਿਲਾਂ ਹੀ ਤਾਲਿਬਾਨ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਜਾ ਰਹੇ ਹਨ। ਅਮਰੀਕਾ ਅਤੇ ਹੋਰ ਮੁਲਕਾਂ ਦੀਆਂ ਫ਼ੌਜਾਂ ਦੀ ਵਾਪਸੀ ਮਗਰੋਂ ਉਸ ਦੇ ਕਾਬੁਲ ’ਚ ਹਮਲੇ ਤੇਜ਼ ਹੋ ਗਏ ਸਨ। ਇਨ੍ਹਾਂ ਹਮਲਿਆਂ ’ਚ ਕਈ ਲੋਕ ਮਾਰੇ ਜਾ ਚੁੱਕੇ ਹਨ। ਪਿਛਲੇ ਹਫ਼ਤੇ ਇਕ ਮਸਜਿਦ ’ਚ ਹੋਏ ਧਮਾਕੇ ਦੌਰਾਨ ਵੀ ਦਰਜਨਾਂ ਲੋਕ ਮਾਰੇ ਗਏ ਸਨ। ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ’ਤੇ ਕਬਜ਼ੇ ਮਗਰੋਂ ਅਮਨ ਕਾਨੂੰਨ ਦੀ ਹਾਲਤ ’ਚ ਨਿਘਾਰ ਆਉਂਦਾ ਜਾ ਰਿਹਾ ਹੈ। -ਆਈਏਐੱਨਐੱਸ