ਦੁਬਈ, 23 ਜੂਨ
ਇਰਾਨ ਨੇ ਹਾਲ ਦੇ ਦਿਨਾਂ ਵਿੱਚ ਸੰਭਾਵੀ ਤੌਰ ’ਤੇ ਉਪ ਗ੍ਰਹਿ ਲੈ ਕੇ ਜਾਣ ਵਾਲੇ ਰਾਕੇਟ ਦਾ ਪਰੀਖਣ ਕੀਤਾ ਜੋ ਕਿ ਅਸਫ਼ਲ ਰਿਹਾ ਅਤੇ ਅਜਿਹਾ ਲੱਗ ਰਿਹਾ ਹੈ ਕਿ ਉਹ ਮੁੜ ਤੋਂ ਪਰੀਖਣ ਦੀ ਤਿਆਰੀ ਵਿਚ ਹੈ। ਆਪਣੇ ਕਮਜ਼ੋਰ ਪੈ ਰਹੇ ਪਰਮਾਣੂ ਸਮਝੌਤੇ ਨੂੰ ਲੈ ਕੇ ਪੱਛਮੀ ਦੇਸ਼ਾਂ ਨਾਲ ਤਣਾਅ ਵਿਚਾਲੇ ਆਪਣੇ ਪੁਲਾੜ ਸਬੰਧੀ ਪ੍ਰੋਗਰਾਮ ਨੂੰ ਐਡਵਾਂਸ ਕਰਨ ਲਈ ਇਹ ਇਰਾਨ ਦੀਆਂ ਤਾਜ਼ਾ ਕੋਸ਼ਿਸ਼ਾਂ ਹਨ।
ਉੱਧਰ, ਹੋਰ ਅਸਫ਼ਲ ਪਰੀਖਣਾਂ ਵਾਂਗ ਹੀ ਇਰਾਨ ਦੇ ਸਰਕਾਰੀ ਮੀਡੀਆ ਨੇ ਇਹ ਨਹੀਂ ਮੰਨਿਆ ਕਿ ਕੋਈ ਪਰੀਖਣ ਹੋਇਆ ਸੀ। ਸੰਯੁਕਤ ਰਾਸ਼ਟਰ ਵਿਚ ਇਰਾਨ ਦੇ ਮਿਸ਼ਨ ਨੇ ਅੱਜ ਸਵੇਰੇ ਇਸ ਬਾਰੇ ਟਿੱਪਣੀ ਕਰਨ ਦੀ ਅਪੀਲ ’ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਉਪ ਗ੍ਰਹਿ ਦੀਆਂ ਤਸਵੀਰਾਂ, ਇਕ ਅਮਰੀਕੀ ਅਧਿਕਾਰੀ ਅਤੇ ਇਕ ਰਾਕੇਟ ਮਾਹਿਰ ਸਾਰਿਆਂ ਨੇ ਇਰਾਨ ਦੇ ਸੈਮਨਾਨ ਪ੍ਰਾਂਤ ਵਿਚ ‘ਇਮਾਮ ਖੋਮੈਨੀ ਸਪੇਸਸਪੋਰਟ’ ਵੱਲੋਂ ਰਾਕੇਟ ਲਾਂਚ ਅਸਫ਼ਲ ਰਹਿਣ ਦੀ ਪੁਸ਼ਟੀ ਕੀਤੀ ਹੈ। ਇਹ ਕੋਸ਼ਿਸ਼ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ ਇਰਾਨ ਦੇ ਪੁਲਾੜ ਪ੍ਰੋਗਰਾਮ ਨੂੰ ਇਕ ਤੋਂ ਬਾਅਦ ਇਕ ਨੁਕਸਾਨ ਝੱਲਣੇ ਪੈ ਰਹੇ ਹਨ ਜਦਕਿ ਉਸ ਦਾ ਅਰਧਸੈਨਿਕ ਰੈਵੋਲਿਊਸ਼ਨਰੀ ਗਾਰਡ ਆਪਣਾ ਖ਼ੁਦ ਦਾ ਬਰਾਬਰ ਪ੍ਰੋਗਰਾਮ ਚਲਾ ਰਿਹਾ ਹੈ ਜਿਸ ਨੇ ਪਿਛਲ ਸਾਲ ਪੁਲਾੜ ਦੇ ਘੇਰੇ ਵਿਚ ਇਕ ਉਪ ਗ੍ਰਹਿ ਭੇਜਿਆ ਸੀ। -ਏਪੀ