ਬ੍ਰਸੱਲਜ਼, 15 ਮਾਰਚ
ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ਼ ਨੇ ਸੋਮਵਾਰ ਨੂੰ ਅਮਰੀਕਾ ਨੂੰ ਸੱਦਾ ਦਿੱਤਾ ਕਿ ਉਹ ਉਨ੍ਹਾਂ ਦੇ ਮੁਲਕ ਦੀ ਪਰਮਾਣੂ ਖਾਹਿਸ਼ ਨੂੰ ਸੀਮਤ ਕਰਨ ਵਾਲੇ ਕੌਮਾਂਤਰੀ ਸਮਝੌਤੇ ਨਾਲ ਮੁੜ ਜੁੜੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸਲਾਮੀ ਗਣਰਾਜ ’ਚ ਆਉਂਦੀਆਂ ਚੋਣਾਂ ਕਾਰਨ ਇਸ ਸਬੰਧ ’ਚ ਕਿਸੇ ਵੀ ਵਾਰਤਾ ’ਚ ਅੜਿੱਕੇ ਪੈ ਸਕਦੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਟਰੰਪ ਸਰਕਾਰ ਨੇ 2018 ’ਚ ਇਕਪਾਸੜ ਫ਼ੈਸਲਾ ਲੈਂਦਿਆਂ ਮੁਲਕ ਨੂੰ ਪਰਮਾਣੂ ਸਮਝੌਤੇ ਤੋਂ ਵੱਖ ਕਰ ਲਿਆ ਸੀ। ਸਮਝੌਤੇ ਤਹਿਤ ਇਰਾਨ ਆਰਥਿਕ ਪਾਬੰਦੀਆਂ ’ਚ ਢਿੱਲ ਦੇਣ ਦੇ ਇਵਜ਼ ’ਚ ਯੂਰੇਨੀਅਮ ਹਾਸਲ ਕਰਨ ਦੇ ਪ੍ਰੋਗਰਾਮ ਨੂੰ ਸੀਮਤ ਕਰਨ ’ਤੇ ਸਹਿਮਤ ਹੋਇਆ ਸੀ। ਅਮਰੀਕਾ ਨੇ ਜਦੋਂ ਕੁਝ ਪਾਬੰਦੀਆਂ ਨੂੰ ਮੁੜ ਲਾਗੂ ਕੀਤਾ ਅਤੇ ਫਿਰ ਹੋਰ ਪਾਬੰਦੀਆਂ ਲਗਾਈਆਂ ਗਈਆਂ ਤਾਂ ਇਰਾਨ ਜਨਤਕ ਤੌਰ ’ਤੇ ਆਪਣੇ ਪਰਮਾਣੂ ਵਿਕਾਸ ਲਈ ਤੈਅ ਹੱਦ ਦੀ ਉਲੰਘਣਾ ਕਰਨ ਲੱਗ ਪਿਆ। ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਦਾ ਨਵਾਂ ਪ੍ਰਸ਼ਾਸਨ ਸਮਝੌਤੇ ’ਚ ਪਰਤਣ ਲਈ ਤਿਆਰ ਹੈ ਪਰ ਤਹਿਰਾਨ ਨੂੰ ਸਮਝੌਤੇ ਦੀਆਂ ਸ਼ਰਤਾਂ ਦਾ ਪਾਲਣ ਕਰਨਾ ਪਵੇਗਾ। ਜ਼ਰੀਫ਼ ਨੇ ਕਿਹਾ ਕਿ ਇਰਾਨ ’ਚ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਅਮਰੀਕਾ ਜਿਸ ਸਰਕਾਰ ਨਾਲ ਗੱਲਬਾਤ ਕਰੇਗਾ, ਉਸ ਨਾਲ ਪਰਮਾਣੂ ਪ੍ਰੋਗਰਾਮ ’ਚ ਤਰੱਕੀ ਨਹੀਂ ਹੋ ਸਕੇਗੀ। ਬ੍ਰਸੱਲਜ਼ ’ਚ ਯੂਰੋਪੀਅਨ ਪਾਲਿਸੀ ਸੈਂਟਰ ਦੇ ਆਨਲਾਈਨ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਕੁਝ ਵੀ ਪੁਖ਼ਤਾ ਕਦਮ ਨਹੀਂ ਉਠਾ ਸਕੇਗੀ ਅਤੇ ਚੋਣਾਂ ਹੋਣ ਕਾਰਨ ਕਰੀਬ ਛੇ ਮਹੀਨਿਆਂ ਤੱਕ ਉਡੀਕ ਕਰਨੀ ਪਵੇਗੀ। -ਏਪੀ