ਸੰਯੁਕਤ ਰਾਸ਼ਟਰ, 27 ਅਕਤੂਬਰ
ਇਰਾਨ ਨੇ ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਮੌਕੇ ਅਮਰੀਕਾ ’ਤੇ ਸਾਲ 2001 ਤੋਂ ਅੱਠ ਯੁੱਧ ਸ਼ੁਰੂ ਕਰਨ ਜਾਂ ਇਨ੍ਹਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ, ਜਿਸ ਕਾਰਨ 3.7 ਕਰੋੜ ਲੋਕਾਂ ਦਾ ਉਜਾੜਾ ਹੋਇਆ ਅਤੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ਼ ਨੇ ਯੂਐੱਨ ਦੀ ਆਮ ਸਭਾ ਨੂੰ ਆਨਲਾਈਨ ਸੰਬੋਧਨ ਕਰਦਿਆਂ ਕਿਹਾ ਕਿ ਸਮਾਂ ਆ ਗਿਆ ਹੈ ਕਿ 193 ਮੈਂਬਰੀ ਆਲਮੀ ਸੰਸਥਾ ਅਮਰੀਕਾ ਦੀਆਂ ਇਕਪਾਸੜ ਕਾਰਵਾਈਆਂ ਅਤੇ ਯੁੱਧ ਖ਼ਿਲਾਫ਼ ਇਕਜੁੱਟ ਹੋਵੇ। ਸ੍ਰੀ ਜ਼ਰੀਫ਼ ਨੇ ਬਰਾਊਨ ਯੂਨੀਵਰਸਿਟੀ ਵੱਲੋਂ ਪਿਛਲੇ ਮਹੀਨੇ ਜਾਰੀ ਕੀਤੇ ਯੁੱਧ ਖ਼ਰਚੇ ਸਬੰਧੀ ਪ੍ਰਾਜੈਕਟ ਦੇ ਅਧਿਐਨ ਦਾ ਹਵਾਲਾ ਦਿੱਤਾ। ਅਧਿਐਨ ਮੁਤਾਬਕ 9/11 ਅਤਿਵਾਦੀ ਹਮਲੇ ਮਗਰੋਂ ਸੀਰੀਆ, ਯਮਨ, ਸੋਮਾਲੀਆ ਅਤੇ ਫਿਲਪੀਨਜ਼ ਵਿੱਚ 3.7 ਕਰੋੜ ਲੋਕਾਂ ਨੂੰ ਬੇਘਰ ਹੋਣਾ ਪਿਆ। -ਏਪੀ