ਦੁਬਈ, 12 ਅਪਰੈਲ
ਇਰਾਨ ਨੇ ਆਪਣੇ ਜ਼ਮੀਨਦੋਜ਼ ਪ੍ਰਮਾਣੂ ਊਰਜਾ ਕੇਂਦਰ ਨਤਾਂਜ਼ ’ਤੇ ਹੋਈ ਗੜਬੜੀ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜ਼ਿਕਰਯੋਗ ਹੈ ਕਿ ਇਰਾਨ ਇਸ ਕੇਂਦਰ ’ਤੇ ਯੂਰੇਨੀਅਮ ਸੋਧ ਰਿਹਾ ਹੈ। ਇਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਹਮਲੇ ਦਾ ਬਦਲਾ ਲਿਆ ਜਾਵੇਗਾ। ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਖ਼ਤੀਬਜ਼ਾਦੇਹ ਨੇ ਪ੍ਰਮਾਣੂ ਕੇਂਦਰ ਵਿਚ ਬਿਜਲੀ ਗੁੱਲ ਹੋਣ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਦੱਸਿਆ। ਇਜ਼ਰਾਈਲ ਨੇ ਹਾਲਾਂਕਿ ਸਿੱਧੇ ਤੌਰ ’ਤੇ ਕੋਈ ਦਾਅਵਾ ਨਹੀਂ ਕੀਤਾ ਹੈ। ਪਰ ਉੱਥੋਂ ਦੇ ਮੀਡੀਆ ਵਿਚ ਕਾਫ਼ੀ ਰਿਪੋਰਟ ਕੀਤਾ ਗਿਆ ਹੈ ਕਿ ਇਹ ਗੜਬੜੀ ਇਜ਼ਰਾਈਲ ਵੱਲੋਂ ਕੀਤੇ ਗਏ ਸਾਈਬਰ ਹਮਲੇ ਕਾਰਨ ਹੋਈ ਹੈ। ਇਰਾਨ ਤੇ ਇਜ਼ਰਾਈਲ ਵਿਚਾਲੇ ਪਹਿਲਾਂ ਹੀ ਕਾਫ਼ੀ ਤਣਾਅ ਹੈ ਤੇ ਜੇ ਇਜ਼ਰਾਈਲ ਜ਼ਿੰਮੇਵਾਰ ਨਿਕਲਦਾ ਹੈ ਤਾਂ ਇਹ ਹੋਰ ਵਧ ਸਕਦਾ ਹੈ। ਦੱਸਣਯੋਗ ਹੈ ਕਿ ਪੂਰੇ ਮੱਧ ਪੂਰਬ ਵਿਚ ਦੋਵੇਂ ਦੇਸ਼ ਪਰਦੇ ਪਿੱਛੇ ਰਹਿ ਕੇ ਇਕ-ਦੂਜੇ ਖ਼ਿਲਾਫ਼ ਮੁਹਿੰਮਾਂ ਵਿੱਢਣ ਲਈ ਜਾਣੇ ਜਾਂਦੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਤਵਾਰ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਨਾਲ ਮੁਲਾਕਾਤ ਕੀਤੀ ਹੈ ਤੇ ਕਿਹਾ ਹੈ ਕਿ ਉਹ ਅਮਰੀਕਾ ਤੇ ਇਰਾਨ ’ਚ ਹੋਣ ਜਾ ਰਹੇ ਪ੍ਰਮਾਣੂ ਸਮਝੌਤੇ ਨੂੰ ਰੋਕਣ ਲਈ ਹਰ ਯਤਨ ਕਰਨਗੇ। -ਏਪੀ