ਵੀਏਨਾ: ਇਰਾਨ ਅਤੇ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਨੇ ਕਿਹਾ ਹੈ ਕਿ ਇਰਾਨ ਪਰਮਾਣੂ ਟਿਕਾਣਿਆਂ ’ਤੇ ਨਿਗਰਾਨੀ ਕੈਮਰੇ ਲਗਾਉਣ ਸਬੰਧੀ ਸਮਝੌਤੇ ਨੂੰ ਇਕ ਹੋਰ ਮਹੀਨਾ ਵਧਾਉਣ ਲਈ ਰਾਜ਼ੀ ਹੋ ਗਿਆ ਹੈ। ਆਈਏਈਏ ਦੇ ਡਾਇਰੈਕਟਰ ਜਨਰਲ ਰਾਫ਼ਾਲ ਮਾਰੀਆਨੋ ਗਰੋਸੀ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਮੁਖੀ ਅਲੀ ਅਕਬਰ ਸਾਲੇਹੀ ਨਾਲ ਵਿਚਾਰ ਵਟਾਂਦਰੇ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਇਰਾਨ ਨਾਲ ‘ਐਡੀਸ਼ਨਲ ਪ੍ਰੋਟੋਕੋਲ’ ਨਾਂ ਦੇ ਖੁਫ਼ੀਆ ਸਮਝੌਤੇ ਤਹਿਤ ਆਈਏਈਏ ਇਰਾਨੀ ਪਰਮਾਣੂ ਟਿਕਾਣਿਆਂ ’ਤੇ ਸਥਾਪਤ ਨਿਗਰਾਨੀ ਕੈਮਰਿਆਂ ਦੀਆਂ ਤਸਵੀਰਾਂ ਇਕੱਤਰ ਕਰਕੇ ਉਨ੍ਹਾਂ ਦਾ ਅਧਿਐਨ ਕਰਦਾ ਹੈ। ਇਨ੍ਹਾਂ ਕੈਮਰਿਆਂ ਨੇ ਇਹ ਗੱਲ ਜਾਣਨ ’ਚ ਸਹਾਇਤਾ ਕੀਤੀ ਕਿ ਕੀ ਇਰਾਨ 2015 ਦੇ ਪਰਮਾਣੂ ਸਮਝੌਤੇ ਦੀ ਪਾਲਣਾ ਕਰ ਰਿਹਾ ਹੈ ਜਾਂ ਨਹੀਂ। ਆਈਏਈਏ ਨੇ ਫਰਵਰੀ ’ਚ ਇਰਾਨ ਨਾਲ ਤਸਵੀਰਾਂ ਦਾ ਅਧਿਐਨ ਕਰਨ ਲਈ ਤਿੰਨ ਮਹੀਨਿਆਂ ਦਾ ਸਮਝੌਤਾ ਕੀਤਾ ਸੀ। ਤਹਿਰਾਨ ਨੇ ਧਮਕੀ ਦਿੱਤੀ ਸੀ ਕਿ ਜੇਕਰ ਅੱਗੇ ਸਮਝੌਤਾ ਨਹੀਂ ਹੋਇਆ ਤਾਂ ਉਹ ਉਨ੍ਹਾਂ ਨੂੰ ਨਸ਼ਟ ਕਰ ਦੇਵੇਗਾ। ਆਈਏਈਏ ’ਚ ਰੂਸ ਦੇ ਦੂਤ ਮਿਖਾਈਲ ਉਲੀਆਨੋਵ ਨੇ ਅੱਜ ਹੋਏ ਸਮਝੌਤੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਆਲਮੀ ਪੱਧਰ ’ਤੇ ਸੁਖਾਵਾਂ ਮਾਹੌਲ ਬਣੇਗਾ। -ਏਪੀ