ਸੰਯੁਕਤ ਰਾਸ਼ਟਰ, 9 ਦਸੰਬਰ
ਸੰਯੁਕਤ ਰਾਸ਼ਟਰ ਦੇ ਨਸਲਕੁਸ਼ੀ ਪੀੜਤਾਂ ਬਾਰੇ ਕੌਮਾਂਤਰੀ ਦਿਹਾੜੇ ਮੌਕੇ ਭਾਰਤ ਨੇ 1971 ਦੀ ਲੜਾਈ ਦੌਰਾਨ ਪਾਕਿਸਤਾਨ ਫੌਜ ਅਤੇ ਧਾਰਮਿਕ ਦਹਿਸ਼ਤਗਰਦਾਂ ਵਲੋਂ ਮਾਰੇ ਗਏ 30 ਲੱਖ ਲੋਕਾਂ ਅਤੇ ਜਬਰ-ਜਨਾਹ ਪੀੜਤ ਦੋ ਲੱਖ ਮਹਿਲਾਵਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਸੱਦਾ ਦਿੱਤਾ ਹੈ। ਤਤਕਾਲੀ ਪੂਰਬੀ ਪਾਕਿਸਤਾਨ ਵਿੱਚ 1971 ਵਿੱਚ 25 ਮਾਰਚ ਦੀ ਅੱਧੀ ਰਾਤ ਨੂੰ ਅਚਾਨਕ ਸ਼ੁਰੂ ਹੋਈ ਇਹ ਜੰਗ 16 ਦਸਬੰਰ ਨੂੰ ਪਾਕਿਸਤਾਨ ਵਲੋਂ ਬਿਨਾਂ ਸ਼ਰਤ ਢਾਕਾ ਛੱਡੇ ਜਾਣ ਅਤੇ ਹਾਰ ਮੰਨੇ ਜਾਣ ਮਗਰੋਂ ਮੁੱਕੀ ਸੀ। ਨੌਂ ਮਹੀਨੇ ਚੱਲੀ ਇਸ ਜੰਗ ਵਿੱਚ 30 ਲੱਖ ਲੋਕ ਮਾਰੇ ਗਏ ਸਨ। ਸੰਯੁਕਤ ਰਾਸ਼ਟਰ ਲਈ ਭਾਰਤ ਦੇ ਸਥਾਈ ਨੁਮਾਇੰਦੇ ਟੀ.ਐੱਸ. ਤ੍ਰਿਮੂਰਤੀ ਨੇ ਨਸਲਕੁਸ਼ੀ ਰੋਕੋ ਦੇ ਹੈਸ਼ਟੈਗ ਨਾਲ ਟਵੀਟ ਕੀਤਾ, ‘‘9 ਦਸੰਬਰ ਨੂੰ ਸੰਯੁਕਤ ਰਾਸ਼ਟਰ ਦੇ ਨਸਲਕੁਸ਼ੀ ਪੀੜਤਾਂ ਬਾਰੇ ਕੌਮਾਂਤਰੀ ਦਿਹਾੜੇ ਮੌਕੇ 1971 ਵਿੱਚ ਵਾਪਰੇ ਮਨੁੱਖੀ ਇਤਿਹਾਸ ਦੇ ਸਭ ਤੋਂ ਹੌਲਨਾਕ ਕਾਂਡ, ਜਿਸ ਦੌਰਾਨ ਤਤਕਾਲੀ ਪੂਰਬੀ ਪਾਕਿਸਤਾਨ ਵਿੱਚ ਪਾਕਿਸਤਾਨ ਫੌਜ ਅਤੇ ਧਾਰਮਿਕ ਦਹਿਸ਼ਤਗਰਦਾਂ ਵਲੋਂ 30 ਲੱਖ ਹੱਤਿਆਵਾਂ ਕੀਤੀਆਂ ਗਈਆਂ ਅਤੇ ਦੋ ਲੱਖ ਤੋਂ ਵੱਧ ਮਹਿਲਾਵਾਂ ਨਾਲ ਜਬਰ-ਜਨਾਹ ਕੀਤਾ ਗਿਆ, ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ। ਅਜਿਹਾ ਮੁੜ ਕਦੇ ਨਾ ਵਾਪਰੇ।’’ -ਪੀਟੀਆਈ
ਪਾਕਿ ’ਚ ਸਰਕਾਰ ਕਰਦੀ ਹੈ ਧਾਰਮਿਕ ਆਜ਼ਾਦੀ ਦੀ ਉਲੰਘਣਾ: ਅਮਰੀਕੀ ਸਫ਼ੀਰ
ਵਾਸ਼ਿੰਗਟਨ: ਅਮਰੀਕਾ ਦੇ ਇੱਕ ਸਿਖਰਲੇ ਸਫ਼ੀਰ ਸੈਮੂਅਲ ਬਰਾਊਨਬੈਕ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਧਾਰਮਿਕ ਆਜ਼ਾਦੀ ਦੀ ਉਲੰਘਣਾ ਸਰਕਾਰ ਵਲੋਂ ਕੀਤੀ ਜਾਂਦੀ ਹੈ ਜਦਕਿ ਭਾਰਤ ਵਿੱਚ ਅਜਿਹਾ ਜ਼ਿਆਦਾਤਰ ਫ਼ਿਰਕੂ ਹਿੰਸਾ ਕਰਕੇ ਹੁੰਦਾ ਹੈ। ਉਹ ਨਵੀਂ ਦਿੱਲੀ ਨੂੰ ਨਹੀਂ, ਬਲਕਿ ਇਸਲਾਮਾਬਾਦ ਨੂੰ ਅਮਰੀਕਾ ਵਲੋਂ ਵਿਸ਼ੇਸ਼ ਚਿੰਤਾ ਵਾਲਾ ਮੁਲਕ ਗਰਦਾਨੇ ਜਾਣ ਦਾ ਕਾਰਨ ਦੱਸ ਰਹੇ ਸਨ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਸੋਮਵਾਰ ਨੂੰ ਪਾਕਿਸਤਾਨ ਅਤੇ ਚੀਨ ਸਣੇ ਅੱਠ ਹੋਰ ਮੁਲਕਾਂ ਨੂੰ ‘ਧਾਰਮਿਕ ਆਜ਼ਾਦੀ ਦੀ ਯੋਜਨਾਬੱਧ ਢੰਗ ਨਾਲ ਉਲੰਘਣਾ’ ਕਰਨ ਕਰਕੇ ਵਿਸ਼ੇਸ਼ ਚਿੰਤਾ ਵਾਲੇ ਮੁਲਕ ਗਰਦਾਨਿਆ ਸੀ। ਆਲਮੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ (ਯੂਐੱਸਸੀਆਈਆਰਐੱਫ) ਵਲੋਂ ਵਿਦੇਸ਼ ਵਿਭਾਗ ਨੂੰ ਭਾਰਤ ਨੂੰ ਵੀ ਵਿਸ਼ੇਸ਼ ਚਿੰਤਾ ਵਾਲਾ ਮੁਲਕ ਗਰਦਾਨੇ ਜਾਣ ਦੀ ਸਿਫਾਰਿਸ਼ ਕੀਤੀ ਸੀ, ਜਿਸ ਨੂੰ ਵਿਦੇਸ਼ ਵਿਭਾਗ ਨੇ ਪ੍ਰਵਾਨ ਨਹੀਂ ਕੀਤਾ ਸੀ। ਭਾਰਤ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਯੂਐੱਸਸੀਆਈਆਰਐੱਫ ਦੀਆਂ ਸਿਫਾਰਿਸ਼ਾਂ ਨੂੰ ਰੱਦ ਕੀਤਾ ਸੀ। -ਪੀਟੀਆਈ
ਹਿੰਦੂ ਤੇ ਈਸਾਈ ਮਹਿਲਾਵਾਂ ਚੀਨ ਨੂੰ ਵੇਚਦਾ ਹੈ ਪਾਕਿ
ਨਿਊਯਾਰਕ: ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਸਫ਼ੀਰ ਸੈਮੂਅਲ ਬਰਾਊਨਬੈਕ ਅਨੁਸਾਰ ਪਾਕਿਸਤਾਨ ਵਲੋਂ ਹਿੰਦੂ ਅਤੇ ਈਸਾਈ ਮਹਿਲਾਵਾਂ ਨੂੰ ‘ਰਖੇਲਾਂ’ ਅਤੇ ‘ਜਬਰੀ ਲਾੜੀਆਂ’ ਵਜੋਂ ਚੀਨ ਵਿੱਚ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਉੱਥੇ ਧਾਰਮਿਕ ਘੱਟ-ਗਿਣਤੀਆਂ ਖ਼ਿਲਾਫ਼ ਵਿਤਕਰੇ ਹੁੰਦਾ ਹੈ, ਜਿਸ ਨਾਲ ਉਹ ਹੋਰ ਕਮਜ਼ੋਰ ਹੁੰਦੇ ਹਨ। -ਆਈਏਐੱਨਐੱਸ