ਡੈਨਵਰ (ਅਮਰੀਕਾ): ਚਾਰ ਸਿਆਹਫਾਮ ਲੜਕੀਆਂ ਨੂੰ ਸੜਕ ’ਤੇ ਲੰਮਾ ਪਾਉਣ ਅਤੇ ਉਨ੍ਹਾਂ ’ਚੋਂ ਦੋ ਨੂੰ ਹੱਥਕੜੀਆਂ ਲਾਉਣ ਵਾਲੇ ਡੈਨਵਰ ਪੁਲੀਸ ਦੇ ਅਫਸਰਾਂ ਖ਼ਿਲਾਫ਼ ਫ਼ੌਜਦਾਰੀ ਧਾਰਾਵਾਂ ਲਾਉਣ ਸਬੰਧੀ ਵਕੀਲਾਂ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਜ਼ਿਲ੍ਹਾ ਅਟਾਰਨੀ ਨੇ ਦਿੱਤੀ। ਜਾਣਕਾਰੀ ਅਨੁਸਾਰ ਪੁਲੀਸ ਵਲੋਂ ਇਨ੍ਹਾਂ ਲੜਕੀਆਂ ਨੂੰ ਗਲਤੀ ਨਾਲ ਚੋਰੀ ਦੀ ਕਾਰ ਵਿੱਚ ਸਫ਼ਰ ਕਰਨ ਦੇ ਸ਼ੱਕ ਹੇਠ ਰੋਕਿਆ ਗਿਆ ਸੀ। ਐਤਵਾਰ ਨੂੰ ਵਾਪਰੀ ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਨੇ ਕੌਮੀ ਪੱਧਰ ’ਤੇ ਲੋਕਾਂ ਦਾ ਧਿਆਨ ਖਿੱਚਿਆ ਹੈ। ਇਸ ਵੀਡੀਓ ਵਿੱਚ 17 ਅਤੇ 12 ਵਰ੍ਹਿਆਂ ਦੀਆਂ ਦੋ ਲੜਕੀਆਂ ਆਪਣੇ ਢਿੱਡ ਦੇ ਭਾਰ ਸੜਕ ’ਤੇ ਲੰਮੀਆਂ ਪਈਆਂ ਹਨ ਅਤੇ ਉਨ੍ਹਾਂ ਦੇ ਹੱਥ ਪਿੱਛੇ ਹਨ, ਜਿਨ੍ਹਾਂ ’ਤੇ ਹੱਥਕੜੀ ਲੱਗੀ ਹੋਈ ਹੈ। ਕਾਰ ਦੇ ਨੇੜੇ ਹੀ 14 ਵਰ੍ਹਿਆਂ ਦੀ ਲੜਕੀ ਅਤੇ ਛੇ ਵਰ੍ਹਿਆਂ ਦੀ ਲੜਕੀ ਸੜਕ ’ਤੇ ਆਪਣੇ ਢਿੱਡ ਦੇ ਭਾਰ ਲੰਮੀਆਂ ਪਈਆਂ ਹਨ।
-ਏਪੀ