ਇਸਲਾਮਾਬਾਦ, 11 ਜਨਵਰੀ
ਕੌਮਾਂਤਰੀ ਮੁਦਰਾ ਕੋਸ਼ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਕਰਜ਼ਾ ਪ੍ਰੋਗਰਾਮ ਦੀ ਮਿਆਦ ਤਿੰਨ ਹਫ਼ਤਿਆਂ ਲਈ ਅੱਗੇ ਵਧਾਉਣਾ ਚਾਹੁੰਦਾ ਹੈ ਤਾਂ ਇਹ ਮੁੜ ਇਸ ਪ੍ਰੋਗਰਾਮ ਬਾਰੇ ਗੱਲਬਾਤ ਕਰੇ। ਆਈਐੱਮਐੱਫ ਵੱਲੋਂ ਇਹ ਮੰਗ ਪਾਕਿਸਤਾਨ ਵੱਲੋਂ ਇਸ ਕੌਮਾਂਤਰੀ ਸੰਸਥਾ ਨਾਲ ਭਲਕੇ ਬੁੱਧਵਾਰ ਨੂੰ ਛੇਵੀਂ ਸਮੀਖਿਆ ਮੀਟਿੰਗ ਤੋਂ ਪਹਿਲਾਂ ਆਪਣੇ ਤਜਵੀਜ਼ਤ ਪ੍ਰੋਗਰਾਮ ਲਾਗੂ ਕਰਨ ਲਈ ਕਰਜ਼ਾ ਪ੍ਰੋਗਰਾਮ ਦੀ ਮਿਆਦ ਤਿੰਨ ਹੋਰ ਹਫ਼ਤਿਆਂ ਲਈ ਵਧਾਉਣ ਦੀ ਕੀਤੀ ਮੰਗ ਮਗਰੋਂ ਕੀਤੀ ਗਈ ਹੈ। ਹਾਲਾਂਕਿ ਪਾਕਿਸਤਾਨ ਵੱਲੋਂ ਇਹ ਮੰਗ ਨਹੀਂ ਸਵੀਕਾਰ ਕੀਤੀ ਗਈ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਸ਼ੌਕਤ ਤਰੀਨ ਨੇ ਵਿੱਤ ਬਾਰੇ ਸੀਨੇਟ ਕਮੇਟੀ ਦੀ ਮੀਟਿੰਗ ਮੌਕੇ ਕਿਹਾ,‘ਜਦੋਂ ਮੈਂ ਉਨ੍ਹਾਂ ਤੋਂ ਮਿਆਦ ਹੋਰ ਵਧਾਉਣ ਦੀ ਮੰਗ ਕੀਤੀ ਤਾਂ ਉਨ੍ਹਾਂ ਕਰਜ਼ਾ ਪ੍ਰੋਗਰਾਮ ਸਬੰਧੀ ਮੁੜ ਗੱਲਬਾਤ ਕਰਨ ਲਈ ਆਖਿਆ। -ਆਈਏਐੱਨਐੱਸ