ਵਾਸ਼ਿੰਗਟਨ, 24 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵਿਸ਼ਵ ਭਰ ਦੇ ਲੋਕਾਂ ਲਈ ‘ਪ੍ਰੇਰਨਾ ਸਰੋਤ’ ਕਰਾਰ ਦਿੱਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਤੇ ਹੈਰਿਸ ਦੀ ਅਗਵਾਈ ਵਿੱਚ ਭਾਰਤ-ਅਮਰੀਕਾ ਦੁਵੱਲੇ ਸਬੰਧ ਨਵੀਆਂ ਬੁਲੰਦੀਆਂ ਨੂੰ ਛੂਹਣਗੇ। ਸ੍ਰੀ ਮੋਦੀ ਨੇ ਇਹ ਟਿੱਪਣੀਆਂ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਹੋਣ ਵਾਲੀ ਦੁਵੱਲੀ ਮੀਟਿੰਗ ਤੋਂ ਪਹਿਲਾਂ ਹੈਰਿਸ ਨਾਲ ਸਾਂਝੇ ਰੂਪ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤੀਆਂ।
ਸ੍ਰੀ ਮੋਦੀ ਨੇ ਹੈਰਿਸ ਨੂੰ ਸੰਬੋਧਿਤ ਹੁੰਦਿਆਂ ਕਿਹਾ, ‘‘ਤੁਹਾਡਾ ਅਮਰੀਕਾ ਦੇ ਉਪ ਰਾਸ਼ਟਰਪਤੀ ਵਜੋਂ ਚੁਣਿਆ ਜਾਣਾ ਮਹੱਤਵਪੂਰਣ ਤੇ ਇਤਿਹਾਸਕ ਘਟਨਾ ਸੀ। ਤੁਸੀਂ ਕੁਲ ਆਲਮ ਲਈ ਪ੍ਰੇਰਨਾ ਦਾ ਸਰੋਤ ਹੋ।’’ ਹੈਰਿਸ(55) ਭਾਰਤੀ ਮੂਲ ਦੀ ਪਹਿਲੀ ਸ਼ਖ਼ਸੀਅਤ ਹੈ, ਜੋ ਅਮਰੀਕਾ ਦੀ ਉਪ ਰਾਸ਼ਟਰਪਤੀ ਬਣੀ ਹੈ। ਹੈਰਿਸ ਪਹਿਲੀ ਮਹਿਲਾ, ਪਹਿਲੀ ਸਿਆਹਫਾਮ ਅਮਰੀਕੀ ਤੇ ਪਹਿਲੀ ਦੱਖਣ ਏਸ਼ਿਆਈ ਅਮਰੀਕੀ ਹੈ, ਜੋ ਇਸ ਅਹੁਦੇ ਤੱਕ ਅੱਪੜੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਮੈਨੂੰ ਪੂਰਾ ਯਕੀਨ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਤੇ ਤੁਹਾਡੀ ਲੀਡਰਸ਼ਿਪ ਵਿੱਚ ਸਾਡੇ ਦੁਵੱਲੇ ਰਿਸ਼ਤੇ ਨਵੀਂ ਬੁਲੰਦੀਆਂ ਨੂੰ ਛੂਹਣਗੇ।’’ ਸ੍ਰੀ ਮੋਦੀ ਨੇ ਉਪ ਰਾਸ਼ਟਰਪਤੀ ਹੈਰਿਸ ਤੇ ਉਨ੍ਹਾਂ ਦੇ ਪਤੀ ਡਗਲਸ ਐਮਹੌਫ਼ ਨੂੰ ਭਾਰਤ ਆਉਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ, ‘‘ਤੁਹਾਡੇ ਜੇਤੂ ਸਫ਼ਰ ਨੂੰ ਜਾਰੀ ਰੱਖਦਿਆਂ ਭਾਰਤ ਦੇ ਲੋਕ ਚਾਹੁੰਦੇ ਹਨ ਕਿ ਤੁਸੀਂ ਇਸ ਸਫ਼ਰ ਨੂੰ ਭਾਰਤ ਵਿੱਚ ਵੀ ਜਾਰੀ ਰੱਖੋ। ਉਨ੍ਹਾਂ ਨੂੰ ਤੁਹਾਡੇ ਭਾਰਤ ਆਉਣ ਦੀ ਉਡੀਕ ਹੈ ਤੇ ਮੈਂ ਤੁਹਾਨੂੰ ਭਾਰਤ ਆਉਣ ਦਾ ਸੱਦਾ ਦਿੰਦਾ ਹਾਂ।’’ ਸ੍ਰੀ ਮੋਦੀ ਨੇ ਇਸ ਮੌਕੇ ਹੈਰਿਸ ਨਾਲ ਜੂਨ ਵਿੱਚ (ਫੋਨ ’ਤੇ) ਹੋਈ ਗੱਲਬਾਤ ਨੂੰ ਵੀ ਚੇਤੇ ਕੀਤਾ, ਜਦੋਂ ਭਾਰਤ ਵਿੱਚ ਮਹਾਮਾਰੀ ਦੀ ਦੂਜੀ ਲਹਿਰ ਸਿਖਰ ’ਤੇ ਸੀ। ਪ੍ਰਧਾਨ ਮੰਤਰੀ ਨੇ ਕਿਹਾ, ‘‘ਕੁਝ ਮਹੀਨੇ ਪਹਿਲਾਂ ਸਾਨੂੰ ਫੋਨ ’ਤੇ ਇਕ ਦੂਜੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ। ਉਸ ਵੇਲੇ ਅਸੀਂ ਤਫ਼ਸੀਲ ’ਚ ਵਿਚਾਰ ਚਰਚਾ ਕੀਤੀ ਸੀ ਤੇ ਜਿਸ ਨਿੱਘ ਤੇ ਸਹਿਜ ਨਾਲ ਤੁਸੀਂ ਮੇਰੇ ਨਾਲ ਗੱਲਬਾਤ ਕੀਤੀ, ਉਹ ਮੈਨੂੰ ਹਮੇਸ਼ਾ ਯਾਦ ਰਹੇਗੀ।’’ ‘‘ਉਹ ਕਾਫ਼ੀ ਮੁਸ਼ਕਲ ਸਮਾਂ ਸੀ। ਭਾਰਤੀ ਨੂੰ ਮਹਾਮਾਰੀ ਦੀ ਦੂਜੀ ਲਹਿਰ ਦਾ ਟਾਕਰਾ ਕਰਨਾ ਪੈ ਰਿਹਾ ਸੀ, ਪਰ ਤੁਸੀਂ ਇਕ ਪਰਿਵਾਰ ਵਜੋਂ ਬੜੇ ਨਿੱਘ ਨਾਲ ਮਦਦ ਦਾ ਹੱਥ ਵਧਾਇਆ।’’ ਸ੍ਰੀ ਮੋਦੀ ਨੇ ਕਿਹਾ, ‘‘ਤੁਸੀਂ ਮੇੇਰੇ ਨਾਲ ਗੱਲਬਾਤ ਕਰਨ ਮੌਕੇ ਜਿਨ੍ਹਾਂ ਸ਼ਬਦਾਂ ਦੀ ਚੋਣ ਕੀਤੀ, ਮੈਂ ਉਸ ਨੂੰ ਹਮੇਸ਼ਾ ਯਾਦ ਰੱਖਾਂਗਾ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।’’ -ਪੀਟੀਆਈ
ਪਾਕਿ ਵਿੱਚ ਦਹਿਸ਼ਤੀ ਸਮੂਹ ਸਰਗਰਮ: ਹੈਰਿਸ
ਵਾਸ਼ਿੰਗਟਨ: ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਪਲੇਠੀ ਮੀਟਿੰਗ ਦੌਰਾਨ ‘ਆਪ ਖੁ਼ਦ’ ਅਤਿਵਾਦ ਪਿੱਛੇ ਪਾਕਿਸਤਾਨ ਦੀ ਭੂਮਿਕਾ ਦਾ ਹਵਾਲਾ ਦਿੱਤਾ ਹੈ। ਹੈਰਿਸ ਨੇ ਕਿਹਾ ਕਿ ਪਾਕਿਸਤਾਨ ਵਿੱਚ ਕਈ ਦਹਿਸ਼ਤੀ ਸਮੂਹ ਕੰਮ ਕਰ ਰਹੇ ਹਨ। ਉਨ੍ਹਾਂ ਇਸਲਾਮਾਬਾਦ ਨੂੰ ਕਿਹਾ ਕਿ ਉਹ ਇਨ੍ਹਾਂ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਕਰੇ ਤਾਂ ਕਿ ਇਸ ਦਾ ਅਸਰ ਅਮਰੀਕਾ ਤੇ ਭਾਰਤ ਦੀ ਸੁਰੱਖਿਆ ’ਤੇ ਨਾ ਪਏ। ਵ੍ਹਾਈਟ ਹਾਊਸ ਵਿੱਚ ਕੀਤੀ ਮੀਟਿੰਗ ਦੌਰਾਨ ਦੋਵਾਂ ਆਗੂਆਂ ਨੇ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ, ਅਫ਼ਗ਼ਾਨਿਸਤਾਨ ਤੇ ਭਾਰਤ-ਪ੍ਰਸ਼ਾਂਤ ਸਮੇਤ ਸਾਂਝੇ ਹਿੱਤਾਂ ਵਾਲੇ ਆਲਮੀ ਮੁੱਦਿਆਂ ’ਤੇ ਵੀ ਚਰਚਾ ਕੀਤੀ। ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਕਿਹਾ, ‘‘ਗੱਲਬਾਤ ਦੌਰਾਨ ਜਦੋਂ ਦਹਿਸ਼ਤਗਰਦੀ ਦਾ ਮੁੱਦਾ ਆਇਆ ਤਾਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਖੁ਼ਦ ਇਸ ਸਬੰਧ ਵਿੱਚ ਪਾਕਿਸਤਾਨ ਦੀ ਭੂਮਿਕਾ ਦਾ ਹਵਾਲਾ ਦਿੱਤਾ।’’ ਸ਼੍ਰਿੰਗਲਾ ਮੁਤਾਬਕ ਹੈਰਿਸ ਨੇ ਕਿਹਾ ਕਿ ਕੁਝ ਦਹਿਸ਼ਤੀ ਸਮੂਹ ਹਨ, ਜੋ ਪਾਕਿਸਤਾਨ ਵਿੱਚ ਸਰਗਰਮ ਹਨ। ਭਾਰਤੀ ਵਿਦੇਸ਼ ਸਕੱਤਰ ਨੇ ਕਿਹਾ, ‘‘ਉਨ੍ਹਾਂ (ਹੈਰਿਸ) ਪਾਕਿਸਤਾਨ ਨੂੰ ਕਾਰਵਾਈ ਕਰਨ ਲਈ ਕਿਹਾ ਤਾਂ ਕਿ ਇਸ ਦਾ ਅਮਰੀਕਾ ਤੇ ਭਾਰਤ ਦੀ ਸੁਰੱਖਿਆ ’ਤੇ ਕੋਈ ਅਸਰ ਨਾ ਪਏ। ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਲੈ ਕੇ ਸਾਂਝੇ ਕੀਤੇ ਤੱਥਾਂ ਨਾਲ ਸਹਿਮਤੀ ਜਤਾਈ। ਉਨ੍ਹਾਂ ਇਸ ਤੱਥ ਬਾਰੇ ਵੀ ਹਾਮੀ ਭਰੀ ਕਿ ਭਾਰਤ ਪਿਛਲੇ ਕਈ ਦਹਾਕਿਆਂ ਤੋਂ ਅਤਿਵਾਦ ਦਾ ਸੰਤਾਪ ਹੰਢਾ ਰਿਹਾ ਹੈ।’’ ਹੈਰਿਸ ਨੇ ਕਿਹਾ ਕਿ ਦੋਵਾਂ ਮੁਲਕਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੇ ਸਰਵੋਤਮ ਹਿੱਤਾਂ ਲਈ ਜਮਹੂਰੀਅਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਹੈਰਿਸ ਨੇ ਕਿਹਾ, ‘‘ਕਿਉਂ ਜੋ ਕੁੱਲ ਆਲਮ ਵਿੱਚ ਜਮਹੂਰੀਅਤਾਂ ਨੂੰ ਖ਼ਤਰਾ ਦਰਪੇਸ਼ ਹੈ, ਲਿਹਾਜ਼ਾ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪੋ-ਆਪਣੇ ਮੁਲਕਾਂ ਤੇ ਕੁੱਲ ਆਲਮ ਵਿੱਚ ਜਮਹੂਰੀ ਕਦਰਾਂ ਕੀਮਤਾਂ ਤੇ ਸੰਸਥਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਈਏ।’’ -ਪੀਟੀਆਈ
ਕੁਐਡ ਆਗੂਆਂ ਦੀ ਮੇਜ਼ਬਾਨੀ ਕਰਨਗੇ ਹੈਰਿਸ
ਵਾਸ਼ਿੰਗਟਨ: ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਤਿੰਨ ਕੁਐਡ ਮੁਲਕਾਂ- ਭਾਰਤ, ਆਸਟਰੇਲੀਆ ਤੇ ਜਾਪਾਨ ਦੇ ਪ੍ਰਧਾਨ ਮੰਤਰੀਆਂ ਨਾਲ ਵੱਖਰੇ ਤੌਰ ’ਤੇ ਮੀਟਿੰਗ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਵ੍ਹਾਈਟ ਹਾਊਸ ਵਿੱਚ ਹੋਣ ਵਾਲੀ ਇਸ ਮੁਲਾਕਾਤ ਦੌਰਾਨ ਜਮਹੂਰੀਅਤਾਂ ਨੂੰ ਅੱਗੇ ਲਿਜਾਣ ਵਾਲੇ ਅਹਿਮ ਕਾਰਕਾਂ ’ਤੇ ਚਰਚਾ ਹੋਵੇਗੀ। ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਦੁਪਹਿਰ ਨੂੰ (ਅਮਰੀਕੀ ਸਮੇਂ ਅਨੁਸਾਰ) ਵ੍ਹਾਈਟ ਹਾਊਸ ਦੇ ਈਸਟ ਰੂਮ ਵਿੱਚ ਕੁਐਡ ਆਗੂਆਂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਸਟਰੇਲੀਆ ਦੇ ਸਕੌਟ ਮੌਰੀਸਨ ਤੇ ਜਾਪਾਨ ਦੇ ਯੋਸ਼ੀਹਿਦੇ ਸੁਗਾ ਨਾਲ ਪਲੇਠੀ ਆਹਮੋ-ਸਾਹਮਣੀ ਮੀਟਿੰਗ ਕਰਨੀ ਹੈ। ਇਸ ਮੀਟਿੰਗ ਤੋਂ ਫੌਰੀ ਮਗਰੋਂ ਉਪ ਰਾਸ਼ਟਰਪਤੀ ਹੈਰਿਸ ਕੁਐਡ ਆਗੂਆਂ ਨੂੰ ਮਿਲਣਗੇ। -ਪੀਟੀਆਈ