ਜਕਾਰਤਾ, 5 ਅਪਰੈਲ
ਇੰਡੋਨੇਸ਼ੀਆ ਵਿਚ ਮੋਹਲੇਧਾਰ ਮੀਂਹ ਕਾਰਨ ਆਈ ਆਫ਼ਤ ਨਾਲ ਹੁਣ ਤੱਕ ਵੱਖ-ਵੱਖ ਹਾਦਸਿਆਂ ਵਿਚ 55 ਲੋਕ ਮਾਰੇ ਗਏ ਹਨ। ਹਜ਼ਾਰਾਂ ਬੇਘਰ ਵੀ ਹੋ ਗਏ ਹਨ। ਕਰੀਬ 40 ਲੋਕ ਲਾਪਤਾ ਦੱਸੇ ਗਏ ਹਨ। ਅਦੋਨਾਰਾ ਟਾਪੂ ਵਿਚ ਮੀਂਹ ਕਾਰਨ ਅੱਧੀ ਰਾਤ ਨੂੰ ਪਹਾੜਾਂ ਤੋਂ ਗਾਰ ਵਹਿ ਕੇ ਹੇਠਾਂ ਆ ਗਈ ਤੇ ਕਈ ਘਰਾਂ ਨੂੰ ਲਪੇਟ ਵਿਚ ਲੈ ਲਿਆ। ਬਚਾਅ ਕਰਮੀਆਂ ਨੂੰ ਇੱਥੋਂ 38 ਲਾਸ਼ਾਂ ਮਿਲੀਆਂ ਹਨ। ਮੀਂਹ ਕਾਰਨ ਆਏ ਹੜ੍ਹਾਂ ਵਿਚ ਕਈ ਹੋਰ ਥਾਈਂ ਕਰੀਬ 17 ਲੋਕ ਮਾਰੇ ਗਏ ਹਨ। ਜਦਕਿ 42 ਲਾਪਤਾ ਹਨ। ਬਿਜਲੀ ਕੱਟ ਕਾਰਨ ਕਈ ਜਗ੍ਹਾ ਬਚਾਅ ਕਾਰਜਾਂ ਵਿਚ ਮੁਸ਼ਕਲ ਆ ਰਹੀ ਹੈ। ਸੜਕਾਂ ਗਾਰੇ ਨਾਲ ਭਰ ਗਈਆਂ ਹਨ ਤੇ ਮਲਬਾ ਖਿਲਰਿਆ ਪਿਆ ਹੈ। ਇਸ ਕਾਰਨ ਦੂਰ-ਦੁਰੇਡੇ ਇਲਾਕਿਆਂ ਵਿਚ ਪਹੁੰਚਣ ’ਚ ਮੁਸ਼ਕਲ ਆ ਰਹੀ ਹੈ। ਹੜ੍ਹਾਂ ਕਾਰਨ ਕਈ ਘਰ ਡੁੱਬ ਗਏ ਹਨ। ਵੱਖ-ਵੱਖ ਏਜੰਸੀਆਂ ਹਾਲੇ ਤੱਕ ਹੋਏ ਨੁਕਸਾਨ ਦਾ ਅੰਦਾਜ਼ਾ ਲਾ ਰਹੀਆਂ ਹਨ। ਬਿਮਾ ਨਾਂ ਦੇ ਸ਼ਹਿਰ ਵਿਚ ਜ਼ੋਰਦਾਰ ਹੜ੍ਹ ਆਉਣ ਕਾਰਨ ਕਰੀਬ 10 ਹਜ਼ਾਰ ਲੋਕਾਂ ਨੂੰ ਘਰ ਛੱਡ ਕੇ ਭੱਜਣਾ ਪਿਆ ਹੈ। ਇੰਡੋਨੇਸ਼ੀਆ ਵਿਚ ਮੀਂਹ ਕਾਰਨ ਆਮ ਤੌਰ ’ਤੇ ਕਾਫ਼ੀ ਨੁਕਸਾਨ ਹੁੰਦਾ ਹੈ। 17 ਹਜ਼ਾਰ ਟਾਪੂਆਂ ਨਾਲ ਬਣੇ ਇਸ ਮੁਲਕ ਦੇ ਲੱਖਾਂ ਲੋਕ ਪਹਾੜੀ ਖੇਤਰਾਂ ਵਿਚ ਰਹਿੰਦੇ ਹਨ। -ਏਪੀ