ਵਾਸ਼ਿੰਗਟਨ, 24 ਜੂਨ
ਇਕ ਭਾਰਤੀ-ਅਮਰੀਕੀ ਮੁਸਲਿਮ ਸੰਗਠਨ ਨੇ ਅੱਜ ਮਹਿਲਾ ਸੰਸਦ ਮੈਂਬਰ ਇਲਹਾਨ ਉਮਰ ਵੱਲੋਂ ਅਮਰੀਕਾ ਦੀ ਪ੍ਰਤੀਨਿਧ ਸਭਾ ਵਿੱਚ ਇਕ ਅਜਿਹਾ ਪ੍ਰਸਤਾਵ ਪੇਸ਼ ਕੀਤੇ ਜਾਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ ਜਿਸ ਰਾਹੀਂ ਕਥਿਤ ਤੌਰ ’ਤੇ ਘੱਟ ਗਿਣਤੀਆਂ, ਖ਼ਾਸ ਤੌਰ ’ਤੇ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਭਾਰਤ ਦੀ ਆਲੋਚਨਾ ਕੀਤੀ ਗਈ ਹੈ।
ਅਮਰੀਕੀ ਸੰਸਦ ਮੈਂਬਰਾਂ ਰਾਸ਼ਿਦਾ ਤਾਲਬਿ ਅਤੇ ਜੌਹਨ ਵਰਗਸ ਦੀ ਹਮਾਇਤ ਪ੍ਰਸਤਾਵ ਵਿੱਚ ਵਿਦੇਸ਼ ਮੰਤਰਾਲੇ ਕੋਲੋਂ ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ (ਯੂਐੱਸਸੀਆਈਆਰਐੱਫ) ਦੀਆਂ ਸਿਫ਼ਾਰਿਸ਼ਾਂ ਲਾਗੂ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਕੌਮਾਂਤਰੀ ਧਾਰਮਿਕ ਆਜ਼ਾਦੀ ਐਕਟ ਤਹਿਤ ਭਾਰਤ ਨੂੰ ਵਿਸ਼ੇਸ਼ ਚਿੰਤਾਜਨਕ ਸਥਿਤੀ ਵਾਲਾ ਦੇਸ਼ (ਸੀਪੀਸੀ) ਐਲਾਨਣ ਦੀ ਮੰਗ ਕੀਤੀ ਗਈ ਹੈ। ਭਾਰਤੀ-ਅਮਰੀਕੀ ਮੁਸਲਿਮ ਸੰਗਠਨ ‘ਇੰਡੀਅਨ ਅਮਰੀਕਨ ਮੁਸਲਿਮ ਕੌਂਸਲ’ (ਆਈਏਐੱਮਸੀ) ਨੇ ਇਕ ਬਿਆਨ ਜਾਰੀ ਕਰ ਕੇ ਉਮਰ ਅਤੇ ਦੋ ਹੋਰ ਸੰਸਦ ਮੈਂਬਰਾਂ ਦੀ ਇਹ ਪ੍ਰਸਤਾਵ ਪੇਸ਼ ਕਰਨ ਲਈ ਸ਼ਲਾਘਾ ਕੀਤੀ ਹੈ। ਆਈਏਐੱਮਸੀ ਦੇ ਪ੍ਰਧਾਨ ਸਈਦ ਅਫ਼ਜ਼ਲ ਅਲੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਇਹ ਦੇਖਣਾ ਦੁਖਦਾਈ ਹੈ ਕਿ ਜਿਸ ਦੇਸ਼ ਨਾਲ ਅਸੀਂ ਪਿਆਰ ਕਰਦੇ ਹਾਂ ਉਹ ਆਪਣੇ ਸਭ ਤੋਂ ਕਮਜ਼ੋਰ ਨਾਗਰਿਕਾਂ ਨਾਲ ਭੇਦਭਾਵ ਕਰ ਰਿਹਾ ਹੈ ਅਤੇ ਕੱਟੜਤਾ, ਅਸਹਿਣਸ਼ੀਲਤਾ ਅਤੇ ਤਾਨਾਸ਼ਾਹੀ ਦੇ ਮਾਰਗ ’ਤੇ ਚੱਲ ਰਿਹਾ ਹੈ।’’ ਹਾਲਾਂਕਿ ਸੰਸਦ ਮੈਂਬਰ ਉਮਰ ਦੇ ਬਦਲਾਖੋਰੀ ਰੁਖ਼ ਨੂੰ ਦੇਖਦੇ ਹੋਏ ਇਹ ਪ੍ਰਸਤਾਵ ਪਾਸ ਹੋਣ ਦੀ ਆਸ ਨਾਂਮਾਤਰ ਹੈ। ਉਨ੍ਹਾਂ ਕਈ ਮੌਕਿਆਂ ’ਤੇ ਭਾਰਤ ਦੇ ਮੁੱਦੇ ’ਤੇ ਪਾਕਿਸਤਾਨੀ ਅਧਿਕਾਰੀਆਂ ਦਾ ਖੁੱਲ੍ਹ ਕੇ ਸਾਥ ਦਿੱਤਾ ਹੈ। -ਪੀਟੀਆਈ