ਵਾਸ਼ਿੰਗਟਨ, 18 ਮਾਰਚ
ਗਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀ-ਅਮਰੀਕੀ ਸਿਹਤ ਕਾਮਿਆਂ ਦੇ ਗਰੁੱਪ ਨੇ ਅਮਰੀਕੀ ਸੰਸਦ (ਯੂਐੱਸ ਕੈਪੀਟਲ) ਦੇ ਬਾਹਰ ਪ੍ਰਦਰਸ਼ਨ ਕਰਕੇ ਕਾਨੂੰਨਸਾਜ਼ਾਂ ਅਤੇ ਬਾਇਡਨ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਮੁਲਕ ਆਧਾਰਿਤ ਗਰੀਨ ਕਾਰਡ ਦੇਣ ਸਬੰਧੀ ਕੋਟੇ ਵਾਲੀ ਨੀਤੀ ਨੂੰ ਖ਼ਤਮ ਕਰਨ। ਲਾਗ ਸਬੰਧੀ ਰੋਗਾਂ ਦੇ ਮਾਹਿਰ ਡਾਕਟਰ ਰਾਜ ਕਰਨਾਟਕ ਅਤੇ ਉਨ੍ਹਾਂ ਦੇ ਸਾਥੀ ਡਾਕਟਰ ਪ੍ਰਣਵ ਸਿੰਘ ਨੇ ਕਿਹਾ ਕਿ ਉਹ ਫਰੰਟਲਾਈਨ ਕੋਵਿਡ ਯੋਧੇ ਹਨ ਅਤੇ ਇਥੇ ਉਹ ਇਨਸਾਫ਼ ਮੰਗਣ ਲਈ ਆਏ ਹਨ ਕਿਉਂਕਿ ਦਹਾਕਿਆਂ ਤੋਂ ਉਨ੍ਹਾਂ ਨੂੰ ਗਰੀਨ ਕਾਰਡ ਨਹੀਂ ਮਿਲਿਆ ਹੈ। ਸ਼ਾਂਤਮਈ ਪ੍ਰਦਰਸ਼ਨਾਂ ਦਾ ਪ੍ਰਬੰਧ ਕਰਨ ਵਾਲੇ ਦੋਵੇਂ ਡਾਕਟਰਾਂ ਨੇ ਸਾਂਝੇ ਬਿਆਨ ’ਚ ਕਿਹਾ ਕਿ ਜ਼ਿਆਦਾਤਰ ਡਾਕਟਰਾਂ ਨੇ ਅਮਰੀਕਾ ’ਚ ਸਿਖਲਾਈ ਲੈ ਕੇ ਬਿਮਾਰ ਅਤੇ ਲੋੜਵੰਦਾਂ ਦੀ ਸੇਵਾ ਕਰਨ ਦਾ ਹਲਫ਼ ਲਿਆ ਹੈ। ‘ਸਾਡੇ ’ਚੋਂ ਕਈ ਪਿੰਡਾਂ ਅਤੇ ਹੋਰ ਅਵਿਕਸਤ ਖੇਤਰਾਂ ’ਚ ਕੰਮ ਕਰ ਰਹੇ ਹਨ। ਸਰਕਾਰ ਵੱਲੋਂ ਮੁਲਕ ਲਈ ਰੁਜ਼ਗਾਰ ਆਧਾਰਿਤ ਗਰੀਨ ਕਾਰਡਾਂ ਦੀ ਸੱਤ ਫ਼ੀਸਦ ਸਮਰੱਥਾ ਤੈਅ ਕਰਨ ਕਰਕੇ ਸਾਨੂੰ ਗਰੀਨ ਕਾਰਡ ਦੀ ਉਡੀਕ ਕਰਨੀ ਪੈ ਰਹੀ ਹੈ।’ ਉਨ੍ਹਾਂ ਕਿਹਾ ਕਿ ਕਈ ਉੱਚ ਹੁਨਰਮੰਦ ਪਰਵਾਸੀ ਆਪਣੀ ਨੌਕਰੀ ਨਹੀਂ ਬਦਲ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਗਰੀਨ ਕਾਰਡ ਲਈ ਉਨ੍ਹਾਂ ਨੂੰ ਦੁਬਾਰਾ ਤੋਂ ਅਰਜ਼ੀ ਦੇਣੀ ਪਵੇਗੀ ਅਤੇ ਉਨ੍ਹਾਂ ਦਾ ਨੰਬਰ ਹੋਰ ਹੇਠਾਂ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਸਿਹਤ ਕਾਮੇ ਕੋਵਿਡ-19 ਹੌਟਸਪਾਟ ’ਚ ਕੰਮ ਨਹੀਂ ਕਰ ਸਕੇ ਕਿਉਂਕਿ ਉਹ ਨੌਕਰੀ ਅਤੇ ਕੰਪਨੀ ਨਾਲ ਬੱਝੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸਰਵਿਸਿਜ਼ ਨੂੰ ਹਦਾਇਤ ਦੇ ਸਕਦੇ ਹਨ ਕਿ ਉਹ ਫਰੰਟਲਾਈਨ ਸਿਹਤ ਕਾਮਿਆਂ ਲਈ ਗਰੀਨ ਕਾਰਡ ਦਾ ਬੈਕਲਾਗ ਖ਼ਤਮ ਕਰ ਦੇਣ। -ਪੀਟੀਆਈ