ਲੁੰਬਿਨੀ (ਨੇਪਾਲ), 16 ਮਈ
ਮੁੱਖ ਅੰਸ਼
- ਦੋਵਾਂ ਮੁਲਕਾਂ ਦਰਮਿਆਨ ਛੇ ਸਮਝੌਤੇ ਸਹੀਬੰਦ
- ਇੰਟਰਨੈਸ਼ਨਲ ਸੈਂਟਰ ਫਾਰ ਬੌਧ ਕਲਚਰ ਐਂਡ ਹੈਰੀਟੇਜ ਦੀ ਨੀਂਹ ਰੱਖੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਂਝੀ ਵਿਰਾਸਤ, ਸੰਸਕ੍ਰਿਤੀ ਤੇ ਆਸਥਾ ਨੂੰ ਭਾਰਤ-ਨੇਪਾਲ ਸਬੰਧਾਂ ਦੀ ‘ਸਭ ਤੋਂ ਵੱਡੀ ਪੂੰਜੀ’ ਕਰਾਰ ਦਿੰਦਿਆਂ ਕਿਹਾ ਕਿ ਮੌਜੂਦਾ ਆਲਮੀ ਹਾਲਾਤ ਵਿੱਚ ਦੋਵਾਂ ਮੁਲਕਾਂ ਦੀ ਮਜ਼ਬੂਤ ਹੁੰਦੀ ਦੋਸਤੀ ਤੇ ਨੇੜਤਾ ਪੂਰੀ ਮਾਨਵਤਾ ਦੀ ਭਲਾਈ ਦਾ ਕੰਮ ਕਰੇਗੀ। ਇਕ ਰੋਜ਼ਾ ਨੇਪਾਲ ਦੌਰੇ ’ਤੇ ਪੁੱਜੇ ਪ੍ਰਧਾਨ ਮੰਤਰੀ ਮੋਦੀ ਗੌਤਮ ਬੁੱਧ ਦੇ ਜਨਮ ਅਸਥਾਨ ਲੁੰਬਿਨੀ ਵਿੱਚ ਬੁੱਧ ਪੂਰਨਿਮਾ ਮੌਕੇ ਕੌਮਾਂਤਰੀ ਬੋਧੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਭਗਵਾਨ ਬੁੱਧ ਨੂੰ ‘ਮਾਨਵਤਾ ਦੇ ਸਮੂਹਿਕ ਬੌਧ ਦਾ ਅਵਤਾਰ’ ਦੱਸਦੇ ਹੋਏ ਸ੍ਰੀ ਮੋਦੀ ਨੇ ਕਿਹਾ ਉਹ ‘ਬੋਧ’ ਵੀ ਹਨ ਤੇ ‘ਸ਼ੋਧ’ ਵੀ ਹਨ। ਉਨ੍ਹਾਂ ਬੁੱਧ ਨੂੰ ਇਕ ਵਿਚਾਰ ਤੇ ਸੰਸਕਾਰ ਦੱੱਸਿਆ। ਸ੍ਰੀ ਮੋਦੀ ਨਾਲ ਇਸ ਮੌਕੇ ਉਨ੍ਹਾਂ ਦੇ ਨੇਪਾਲੀ ਹਮਰੁਤਬਾ ਸ਼ੇਰ ਬਹਾਦੁਰ ਦਿਓਬਾ ਤੇ ਉਨ੍ਹਾਂ ਦੀ ਪਤਨੀ ਆਰਜ਼ੂ ਰਾਣਾ ਦਿਓਬਾ, ਨੇਪਾਲ ਸਰਕਾਰ ਦੇ ਕਈ ਮੰਤਰੀ, ਉੱਘੀਆਂ ਹਸਤੀਆਂ ਤੇ ਬੌਧ ਸਿੱਖਿਆ ਦੇ ਵਿਦਵਾਨ ਤੇ ਬੌਧ ਭਿਕਸ਼ੂ ਵੀ ਮੌਜੂਦ ਸਨ। ਸ੍ਰੀ ਮੋਦੀ ਨੇ ਭਾਰਤ-ਨੇਪਾਲ ਰਿਸ਼ਤਿਆਂ ਨੂੰ ਹਿਮਾਲਿਆ ਵਾਂਗ ‘ਅਟਲ’ ਦੱਸਿਆ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਾਰਨਾਥ, ਬੋਧਗਯਾ ਤੇ ਕੁਸ਼ੀਨਗਰ ਤੋਂ ਲੈ ਕੇ ਲੁੰਬਿਨੀ ਸਾਂਝੀ ਵਿਰਾਸਤ ਤੇ ਸਾਂਝੀਆਂ ਕਦਰਾਂ ਕੀਮਤਾਂ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਨੇਪਾਲ ਵਿਚ ਲੁੰਬਿਨੀ ਮਿਊਜ਼ੀਅਮ ਦਾ ਨਿਰਮਾਣ ਦੋਵਾਂ ਮੁਲਕਾਂ ਦਰਮਿਆਨ ਸਹਿਯੋਗ ਦੀ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਲੁੰਬਿਨੀ ਦੀ ਬੌਧ ਯੂਨੀਵਰਸਿਟੀ ਵਿੱਚ ਬੌਧੀ ਸਿੱਖਿਆ ਲਈ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀ ਚੇਅਰ ਸਥਾਪਤ ਕੀਤੀ ਜਾਵੇਗੀ। ਇਸ ਦੌਰਾਨ ਨੇਪਾਲੀ ਪ੍ਰਧਾਨ ਮੰਤਰੀ ਦਿਓਬਾ ਨੇ ਕਿਹਾ ਕਿ ਨੇਪਾਲ-ਭਾਰਤ ਰਿਸ਼ਤੇ ਪਰਸਪਰ ਸਤਿਕਾਰ ਤੇ ਸਮਝ ’ਤੇ ਆਧਾਰਿਤ ਹਨ ਤੇ ਉਹ ਇਨ੍ਹਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਅੱਗੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਰੂਹਾਨੀਅਤ ਤੇ ਸਭਿਆਚਾਰਕ ਕਦਰਾਂ ਕੀਮਤਾਂ ਦੇ ਇਕ ਸਾਂਝੇ ਧਾਗੇ ਨਾਲ ਬੱਝੇ ਹਨ। ਉਨ੍ਹਾਂ ਕਿਹਾ ਕਿ ਨੇਪਾਲ ਬੁਨਿਆਦੀ ਢਾਂਚੇ ਦੇ ਵਿਕਾਸ, ਕੁਨੈਕਟਿਵਿਟੀ, ਪਣਬਿਜਲੀ, ਖੇਤੀ, ਮਨੁੱਖ ਵਸੀਲਾ ਦੇ ਨਾਲ ਭੂਚਾਲ ਮਗਰੋਂ ਮੁੜ ਉਸਾਰੀ ਤੇ ਸਭਿਆਚਾਰਕ ਵਿਰਾਸਤੀ ਥਾਵਾਂ ਦੀ ਬਹਾਲੀ ਲਈ ਮਿਲੇ ਸਹਿਯੋਗ ਲਈ ਭਾਰਤ ਦਾ ਰਿਣੀ ਹੈ। ਉਨ੍ਹਾਂ ਕਿਹਾ ਕਿ ਨੇਪਾਲ ਦੇ ਲੁੰਬਿਨੀ ਨੂੰ ਭਾਰਤ ਦੇ ਬੋਧਗਯਾ, ਸਾਰਨਾਥ ਤੇ ਕੁਸ਼ੀਨਗਰ ਨਾਲ ਜੋੜਦੇ ਬੁੱਧਿਸਟ ਸਰਕਟ ਦੀ ਦੋਵਾਂ ਮੁਲਕਾਂ ਦਰਮਿਆਨ ਸੈਰ-ਸਪਾਟੇ ਨੂੰ ਹੁਲਾਰਾ ਦੇਣ ’ਚ ਸਾਕਾਰਾਤਮਕ ਭੂਮਿਕਾ ਰਹੇਗੀ। ਇਸ ਤੋਂ ਪਹਿਲਾਂ ਲੁੰਬਿਨੀ ਪੁੱਜਣ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਬੁੱਧ ਪੂਰਨਿਮਾ ਮੌਕੇ ਇਥੇ ਮਾਇਆ ਦੇਵੀ ਮੰਦਰ ਵਿੱਚ ਪੂਜਾ ਕੀਤੀ। ਇਥੇ ਆਉਣ ਤੋਂ ਪਹਿਲਾਂ ਸ੍ਰੀ ਮੋਦੀ ਤੇ ਦਿਓਬਾ ਨੇ ਇੰਟਰਨੈਸ਼ਨਲ ਸੈਂਟਰ ਫਾਰ ਬੌਧ ਕਲਚਰ ਐਂਡ ਹੈਰੀਟੇਜ ਦੇ ਨਿਰਮਾਣ ਕਾਰਜ ਦੀ ਨੀਂਹ ਰੱਖੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਲੁੰਬਿਨੀ ਤੋਂ ਪਰਤਦਿਆਂ ਅੱਜ ਰਾਤ ਇੱਥੇ ਉੱਤਰ ਪ੍ਰਦੇੇਸ਼ ਦੇ ਮੰਤਰੀਆਂ ਨਾਲ ਮੁਲਾਕਾਤ ਕੀਤੀ। -ਪੀਟੀਆਈ
ਦੋਵਾਂ ਮੁਲਕਾਂ ਦਰਮਿਆਨ ਛੇ ਸਮਝੌਤੇ ਸਹੀਬੰਦ
ਕਾਠਮੰਡੂ: ਬੁੱਧ ਪੂਰਨਿਮਾ ਮੌਕੇ ਗੌਤਮ ਬੁੱਧ ਦੇ ਜਨਮ ਅਸਥਾਨ ਲੁੰਬਿਨੀ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਰੋਜ਼ਾ ਫੇਰੀ ਦੌਰਾਨ ਭਾਰਤ ਤੇ ਨੇਪਾਲ ਨੇ ਵੱਖ ਵੱਖ ਖੇਤਰਾਂ ਵਿੱਚ ਛੇ ਸਮਝੌਤੇ ਸਹੀਬੰਦ ਕੀਤੇ। ਇਨ੍ਹਾਂ ਵਿੱਚੋਂ 695 ਮੈਗਾਘਾਟ ਦੀ ਸਮਰੱਥਾ ਵਾਲਾ ਅਰੁਣ-4 ਪਣਬਿਜਲੀ ਪ੍ਰਾਜੈਕਟ ਪ੍ਰਮੁੱਖ ਹੈ, ਜਿਸ ਨੂੰ ਭਾਰਤ ਦੀ ਸਤਲੁਜ ਜਲ ਵਿਦਯੁਤ ਨਿਗਮ (ਐੱਸਜੇਵੀਐੱਨ) ਤੇ ਨੇਪਾਲ ਇਲੈਕਟ੍ਰੀਸਿਟੀ ਅਥਾਰਿਟੀ (ਐੱਨਈਏ) ਵੱਲੋਂ ਮਿਲ ਕੇ ਵਿਕਸਤ ਕੀਤਾ ਜਾਵੇਗਾ। ਪ੍ਰਾਜੈਕਟ ਮੁਕੰਮਲ ਹੋਣ ਮਗਰੋਂ ਨੇਪਾਲ ਨੂੰ 21.9 ਫੀਸਦ ਮੁਫ਼ਤ ਊਰਜਾ ਮਿਲੇਗੀ। ਪ੍ਰਾਜੈਕਟ ’ਤੇ 750 ਮਿਲੀਅਨ ਡਾਲਰ ਦੀ ਲਾਗਤ ਆਏਗੀ। ਇਸੇ ਤਰ੍ਹਾਂ ਇੰਡੀਅਨ ਕੌਂਸਲ ਆਫ਼ ਕਲਚਰਲ ਰਿਲੇਸ਼ਨਜ਼ (ਆਈਸੀਸੀਆਰ) ਤੇ ਲੁੰਬਿਨੀ ਬੁੱਧਿਸਟ ਯੂਨੀਵਰਸਿਟੀ ਨੇ ਡਾ.ਅੰਬੇਦਕਰ ਚੇਅਰ ਸਥਾਪਤ ਕਰਨ ਬਾਰੇ ਐੱਮਓਯੂ ਸਹੀਬੰਦ ਕੀਤਾ। ਕਾਠਮੰਡੂ ਯੂਨੀਵਰਸਿਟੀ ਤੇ ਆਈਆਈਟੀ ਮਦਰਾਸ ਨੇ ਸਿੱਖਿਆ ਸੈਕਟਰ ਵਿੱਚ ਸਹਿਯੋਗ ਤੇ ਮਾਸਟਰਜ਼ ਪੱਧਰ ’ਤੇ ਸਾਂਝੇ ਡਿਗਰੀ ਪ੍ਰੋਗਰਾਮ ਲਈ ਕਰਾਰ ਕੀਤਾ। ਆਈਸੀਸੀਆਰ ਤੇ ਕਾਠਮੰਡੂ ਯੂਨੀਵਰਸਿਟੀ ਨੇ ਇੰਡੀਅਨ ਸਟੱਡੀਜ਼ ਬਾਰੇ ਆਈਸੀਸੀਆਰ ਚੇਅਰ ਦੀ ਸਥਾਪਤੀ ਲਈ ਸਮਝੌਤਾ ਸਹੀਬੰਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਨੇਪਾਲੀ ਹਮਰੁਤਬਾ ਸ਼ੇਰ ਬਹਾਦੁਰ ਦਿਓਬਾ ਵਿਚਾਲੇ ਦੁਵੱਲੀ ਗੱਲਬਾਤ ਮਗਰੋਂ ਇਹ ਸਮਝੌਤੇ ਸਹੀਬੰਦ ਹੋਏ। -ਆਈਏਐੱਨਐੱਸ
ਨੇਪਾਲ ’ਚ ਚੀਨ ਵੱਲੋਂ ਉਸਾਰੇ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ
ਕਾਠਮੰਡੂ: ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਓਬਾ ਨੇ ਚੀਨ ਵੱਲੋਂ ਬਣਾਏ ਦੇਸ਼ ਦੇ ਦੂਜੇ ਕੌਮਾਂਤਰੀ ਹਵਾਈ ਅੱਡੇ ਦਾ ਅੱਜ ਲੁੰਬਿਨੀ ਵਿੱਚ ਉਦਘਾਟਨ ਕੀਤਾ। ਇਹ ਭਗਵਾਨ ਬੁੱਧ ਦੇ ਜਨਮ ਸਥਾਨ ਅਤੇ ਸੈਰ-ਸਪਾਟਾ ਤੇ ਤੀਰਥ-ਸਥਾਨ ਲੁੰਬਿਨੀ ਨੂੰ ਦੱਖਣੀ ਏਸ਼ੀਆ ਵਿੱਚ ਬੋਧੀ ਸਰਕਟਾਂ ਦੇ ਨਾਲ ਨਾਲ ਬਾਕੀ ਦੁਨੀਆਂ ਨੂੰ ਜੋੜਨ ਵਿੱਚ ਮਦਦ ਕਰੇਗਾ। ਦਿਓਬਾ ਵੱਲੋਂ 7.6 ਕਰੋੜ ਅਮਰੀਕੀ ਡਾਲਰ ਦੀ ਲਾਗਤ ਵਾਲੇ ਗੌਤਮ ਬੁੱਧ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਉਸ ਸਮੇਂ ਕੀਤਾ ਗਿਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧ ਪੂਰਨਿਮਾ ਮੌਕੇ ਲੁੰਬਿਨੀ ਦੀ ਯਾਤਰਾ ’ਤੇ ਆਏ ਹੋਏ ਸਨ। ਇਸ ਦੌਰਾਨ ਮੋਦੀ ਨੇ ਆਪਣੇ ਨੇਪਾਲੀ ਹਮਰੁਤਬਾ ਦਿਓਬਾ ਨਾਲ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਬਾਰੇ ਵਿਆਪਕ ਗੱਲਬਾਤ ਵੀ ਕੀਤੀ। ਚੀਨ ਦੇ ਨਾਰਥਵੈਸਟ ਸਿਲਵ ਐਵੀਏਸ਼ਨ ਏਅਰਪੋਰਟ ਕੰਸਟਰਕਸ਼ਨ ਗਰੁੱਪ ਨੇ ਨਵਾਂ ਹਵਾਈ ਅੱਡਾ ਭੈਰ੍ਹਾਵਾ ਵਿੱਚ ਬਣਾਇਆ ਹੈ, ਜੋ ਲੁੰਬਿਨੀ ਵਿੱਚ ਸਥਿਤ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਤੋਂ 19 ਕਿਲੋਮੀਟਰ ਦੂਰ ਹੈ। -ਪੀਟੀਆਈ